ਲੁਧਿਆਣਾ : ਲੁਧਿਆਣਾ ਤੋਂ ‘ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਮੌਜੂਦਾ ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਨੂੰ ਮੌਜੂਦਾ ਭੀੜ-ਭੜੱਕੇ ਵਾਲੀ ਥਾਂ ਤੋਂ ਇੱਕ ਢੁਕਵੀਂ ਅਤੇ ਵਿਸ਼ਾਲ ਇਮਾਰਤ ਵਿੱਚ ਤਬਦੀਲ ਕਰਨ ਦੇ ਮੁੱਦੇ ‘ਤੇ ਸੂਚੀ ਵਿੱਚ ਇੱਕ ਹੋਰ ਪਹਿਲਕਦਮੀ ਸ਼ਾਮਲ ਕੀਤੀ ਹੈ। ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਅਰੋੜਾ ਨੂੰ ਸੂਚਿਤ ਕੀਤਾ ਹੈ ਕਿ ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਨੂੰ ਇੱਕ ਢੁਕਵੀਂ ਥਾਂ ‘ਤੇ ਤਬਦੀਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਅਰੋੜਾ ਨੇ ਆਪਣੇ ਪੱਤਰ ਵਿੱਚ ਮੰਤਰੀ ਨੂੰ ਜਾਣੂ ਕਰਵਾਇਆ ਸੀ ਕਿ ਲੁਧਿਆਣਾ ਵਿੱਚ ਪਾਸਪੋਰਟ ਸੇਵਾ ਕੇਂਦਰ ਸਾਲ 2011 ਵਿੱਚ ਖੋਲ੍ਹਿਆ ਗਿਆ ਸੀ ਅਤੇ ਹੁਣ ਜਗ੍ਹਾ ਦੀ ਘਾਟ ਹੈ। ਇੱਥੇ ਲਗਭਗ ਕੋਈ ਪਾਰਕਿੰਗ ਦੀ ਜਗ੍ਹਾ ਉਪਲਬਧ ਨਹੀਂ ਹੈ ਅਤੇ ਉਡੀਕ ਖੇਤਰ ਵੀ ਲੋੜੀਂਦੀ ਸਮਰੱਥਾ ਤੋਂ ਘੱਟ ਹੈ। ਇਸ ਲਈ ਅਰੋੜਾ ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਸੀ ਕਿ ਪੀਐਸਕੇ ਨੂੰ ਜਲਦੀ ਤੋਂ ਜਲਦੀ ਵੱਡੀ ਪਾਰਕਿੰਗ ਵਾਲੀ ਥਾਂ ‘ਤੇ ਸ਼ਿਫਟ ਕੀਤਾ ਜਾਵੇ।