ਖਨੌਰੀ : ਪੱਤਣ-ਖਨੌਰੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਜੋਗੇਵਾਲਾ ਵਿੱਚ ਸਕੂਲੀ ਬੱਚਿਆਂ ਨੂੰ ਲੈਣ ਆਈ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਪਲਟ ਗਈ। ਇਸ ਦੌਰਾਨ ਬੱਸ ਦੀ ਲਪੇਟ ‘ਚ ਆਉਣ ਨਾਲ ਬਜ਼ੁਰਗ ਔਰਤ ਸ਼ਾਂਤੀ ਦੇਵੀ ਦੀ ਮੌਤ ਹੋ ਗਈ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ੁਤਰਾਣਾ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਢਾਬੀ ਗੁੱਜਰਾਂ ਦੇ ਇੱਕ ਨਿੱਜੀ ਸਕੂਲ ਦੀ ਬੱਸ ਪਿੰਡ ਜੋਗੇਵਾਲਾ ਕੋਲ ਇੱਕ ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਅਚਾਨਕ ਪਲਟ ਗਈ। ਪਿੰਡ ਜੋਗੇਵਾਲਾ ਦੀ ਰਹਿਣ ਵਾਲੀ 65 ਸਾਲਾ ਸ਼ਾਂਤੀ ਦੇਵੀ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਸਕੂਲ ਬੱਸ ਵਿੱਚ ਦਰਜਨ ਤੋਂ ਵੱਧ ਸਕੂਲੀ ਬੱਚਿਆਂ ਤੋਂ ਇਲਾਵਾ ਕੁਝ ਅਧਿਆਪਕ ਵੀ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ। ਪਿੰਡ ਜੋਗੇਵਾਲਾ ਦੇ ਵਸਨੀਕ ਫਤਿਹ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਸ਼ਾਂਤੀ ਦੇਵੀ ਦੇ ਪਰਿਵਾਰ ਦਾ ਸਕੂਲ ਪ੍ਰਬੰਧਕਾਂ ਨਾਲ ਸਮਝੌਤਾ ਹੋ ਗਿਆ ਹੈ।