ਲੁਧਿਆਣਾ : ਮੋਤੀ ਨਗਰ ਅਤੇ ਜਮਾਲਪੁਰ ਇਲਾਕੇ ‘ਚ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਲੁੱਟ-ਖੋਹ ਕਰਨ ਦੇ ਦੋਸ਼ ‘ਚ ਸੀ.ਆਈ.ਏ. 3 ਦੀ ਟੀਮ ਨੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਮੋਟਰਸਾਈਕਲ, 8 ਮੋਬਾਈਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।
ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਮੋਤੀ ਨਗਰ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਹਰਸ਼ ਕੁਮਾਰ ਉਰਫ਼ ਭੋਲਾ ਵਾਸੀ ਛਾਉਣੀ ਮੁਹੱਲਾ ਅਤੇ ਬਲਜਿੰਦਰ ਸਿੰਘ ਵਾਸੀ ਮੁਹੱਲਾ ਨੇਤਾ ਜੀ ਨਗਰ ਪਾਰਕ ਹੈਬੋਵਾਲ ਵਜੋਂ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ।
ਏ.ਡੀ.ਸੀ.ਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ-3 ਦੀ ਟੀਮ ਅਪਰਾਧਿਕ ਅਨਸਰਾਂ ਨੂੰ ਕਾਬੂ ਕਰਨ ਲਈ ਮੋਤੀ ਨਗਰ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਵਰਧਮਾਨ ਫੈਕਟਰੀ, ਮੋਤੀ ਨਗਰ ਨੇੜੇ ਖਾਲੀ ਗਰਾਊਂਡ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਕੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਮੌਕੇ ‘ਤੇ ਮੁਲਜ਼ਮਾਂ ਕੋਲੋਂ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਇਆ। ਬਾਅਦ ‘ਚ ਪੁੱਛਗਿੱਛ ਤੋਂ ਬਾਅਦ ਉਸ ਦੇ ਇਸ਼ਾਰੇ ‘ਤੇ ਲੋਕਾਂ ਤੋਂ ਖੋਹਿਆ ਮੋਟਰਸਾਈਕਲ, ਮੋਬਾਈਲ ਫੋਨ ਅਤੇ ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਵਾਰਦਾਤ ਦੌਰਾਨ ਖੋਹਿਆ ਸਾਮਾਨ ਵੇਚ ਕੇ ਨਸ਼ਾ ਖਰੀਦਦੇ ਸਨ। ਰਾਤ ਸਮੇਂ ਉਹ ਰਾਹਗੀਰਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਨਕਦੀ, ਮੋਬਾਈਲ ਫੋਨ ਤੇ ਹੋਰ ਸਾਮਾਨ ਖੋਹ ਲੈਂਦੇ ਸਨ।