ਮੋਗਾ: ਮੋਗਾ ਦੇ ਜੋਗਿੰਦਰ ਸਿੰਘ ਚੌਕ ਵਿਖੇ ਸਰਕਾਰੀ ਬੱਸ ਦੀ ਟੱਕਰ ਨਾਲ 11 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਆਟੋ ਚਾਲਕ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖਮੀ ਬੱਚੇ ਦੀ ਪਛਾਣ ਸਾਹਿਬ ਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬੱਚਾ ਆਪਣੀ ਦਾਦੀ ਨਾਲ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਲੁਧਿਆਣਾ ਤੋਂ ਮੋਗਾ ਆ ਰਿਹਾ ਸੀ। ਬੱਚੇ ਦੀ ਦਾਦੀ ਨੇ ਦੱਸਿਆ ਕਿ ਉਸ ਨੇ ਕੰਡਕਟਰ ਨੂੰ ਬੱਸ ਤੋਂ ਉਤਾਰਨ ਲਈ ਕਿਹਾ ਸੀ।ਡਰਾਈਵਰ ਨੇ ਬੱਸ ਦੀ ਰਫ਼ਤਾਰ ਹੌਲੀ ਕੀਤੀ ਤਾਂ ਉਹ ਉਤਰ ਗਈ ਅਤੇ ਉਸ ਦਾ ਪੋਤਾ ਵੀ ਉਸ ਦੇ ਪਿੱਛੇ ਉਤਰ ਗਿਆ। ਇਸ ਦੌਰਾਨ ਕੰਡਕਟਰ ਨੇ ਅਚਾਨਕ ਬੱਚੇ ਨੂੰ ਧੱਕਾ ਦੇ ਦਿੱਤਾ ਅਤੇ ਕਿਹਾ ਕਿ ਸਮਾਂ ਘੱਟ ਹੈ। ਜ਼ਖਮੀ ਸਾਹਿਬ ਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਧੱਕਾ ਦਿੱਤਾ ਗਿਆ ਜਿਸ ਕਾਰਨ ਉਹ ਬੱਸ ਤੋਂ ਡਿੱਗ ਗਿਆ ਅਤੇ ਬੱਸ ਦਾ ਟਾਇਰ ਉਸ ਦੀ ਲੱਤ ਦੇ ਉਪਰੋਂ ਲੰਘ ਗਿਆ।
ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਿਜਦੀਪ ਸਿੰਘ ਆਪਣੀ ਦਾਦੀ ਨਾਲ ਜੋਗਿੰਦਰ ਸਿੰਘ ਚੌਕ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਤੋਂ ਉਤਰ ਰਿਹਾ ਸੀ। ਬੱਸ ਦੇ ਟਾਇਰ ਹੇਠਾਂ ਆਉਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।