ਚੰਡੀਗੜ੍ਹ : ਪੰਜਾਬ ਵਿੱਚ ਮੀਂਹ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ। ਦਰਅਸਲ ਕ੍ਰਿਸਮਿਸ ਤੋਂ ਪਹਿਲਾਂ ਪੰਜਾਬ ਦੇ ਜਲੰਧਰ ਸ਼ਹਿਰ ਸਮੇਤ ਵੱਖ-ਵੱਖ ਜ਼ਿਲਿਆਂ ‘ਚ ਸੋਮਵਾਰ ਸਵੇਰੇ ਸਰਦੀ ਦੇ ਮੌਸਮ ਦੀ ਪਹਿਲੀ ਬਾਰਿਸ਼ ਹੋਈ।ਇਸ ਸਰਦੀ ਦੇ ਮੀਂਹ ਨਾਲ ਜਿੱਥੇ ਲੋਕਾਂ ਨੇ ਪਹਾੜਾਂ ਵਰਗੀ ਠੰਢ ਮਹਿਸੂਸ ਕੀਤੀ, ਉੱਥੇ ਹੀ ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਵੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਮੀਂਹ ਤੋਂ ਬਾਅਦ ਸੰਘਣੀ ਧੁੰਦ ਵੀ ਪੈ ਸਕਦੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 27 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਕਾਰਨ 27 ਦਸੰਬਰ ਨੂੰ ਫਾਜ਼ਿਲਕਾ, ਫ਼ਿਰੋਜ਼ਪੁਰ, ਬਠਿੰਡਾ, ਮੋਗਾ, ਫ਼ਰੀਦਕੋਟ, ਮੁਕਤਸਰ, ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਮੀਂਹ ਪੈ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਰਗੇ ਪਹਾੜੀ ਰਾਜਾਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।ਦਿੱਲੀ ਐਨ.ਸੀ.ਆਰ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਬਿਹਾਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਮੀਂਹ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਕੜਾਕੇ ਦੀ ਠੰਢ ਹੋਵੇਗੀ।