ਚੰਡੀਗੜ੍ਹ : ਪੰਜਾਬ-ਚੰਡੀਗੜ੍ਹ ‘ਚ ਤਾਪਮਾਨ ਡਿੱਗਣ ਕਾਰਨ ਠੰਡ ਲਗਾਤਾਰ ਵਧ ਰਹੀ ਹੈ। ਦਰਅਸਲ ਦਸੰਬਰ ਮਹੀਨੇ ਦੀ ਸ਼ੁਰੂਆਤ ‘ਚ ਹੀ ਮੌਸਮ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਸੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
11 ਦਸੰਬਰ ਤੋਂ ਬਾਅਦ ਯੈਲੋ ਅਲਰਟ
ਦੱਸ ਦਈਏ ਕਿ ਵੈਸਟਰਨ ਡਿਸਟਰਬੈਂਸ ਕਾਰਨ ਟ੍ਰਾਈਸਿਟੀ ‘ਚ ਐਤਵਾਰ ਸ਼ਾਮ 15 ਮਿੰਟ ਦੀ ਬਾਰਿਸ਼ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਅਤੇ ਸ਼ਿਮਲਾ ਵਿੱਚ ਬਰਫ਼ਬਾਰੀ ਅਤੇ ਮੀਂਹ ਕਾਰਨ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਐਤਵਾਰ ਨੂੰ ਪੰਜਾਬ ‘ਚ ਤਾਪਮਾਨ 1.6 ਡਿਗਰੀ ਅਤੇ ਚੰਡੀਗੜ੍ਹ ‘ਚ 2.6 ਡਿਗਰੀ ਤੱਕ ਡਿੱਗ ਗਿਆ। ਵਿਭਾਗ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਹੈ।ਮੌਸਮ ਵਿਭਾਗ ਨੇ ਹੁਣ 11 ਦਸੰਬਰ ਅਤੇ ਉਸ ਤੋਂ ਬਾਅਦ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਸ਼ਿਮਲਾ ‘ਚ 27 ਸਾਲਾਂ ਬਾਅਦ ਇੰਨੀ ਜਲਦੀ ਬਰਫਬਾਰੀ ਹੋਈ
ਐਤਵਾਰ ਨੂੰ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਨੂੰ ਕੁਦਰਤ ਨੇ ਦਸੰਬਰ ਦੇ ਪਹਿਲੇ ਹਫਤੇ ਹੀ ਬਰਫਬਾਰੀ ਦਾ ਗਵਾਹ ਬਣਾ ਦਿੱਤਾ। ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਡਿੱਗਣ ਤੋਂ ਬਾਅਦ ਸ਼ਾਮ 6.15 ਵਜੇ ਦੇ ਕਰੀਬ ਸ਼ਿਮਲਾ ਸ਼ਹਿਰ ਅਤੇ ਆਲੇ-ਦੁਆਲੇ ਮੀਂਹ ਤੋਂ ਬਿਨਾਂ ਬਰਫਬਾਰੀ ਸ਼ੁਰੂ ਹੋ ਗਈ। ਮਾਲ ਰੋਡ ਤੇ ਰਿੱਜ ਤੋਂ ਲੈ ਕੇ ਸ਼ਹਿਰ ਦੇ ਆਲੇ-ਦੁਆਲੇ ਨੀਵੇਂ ਇਲਾਕਿਆਂ ‘ਚ ਲੋਕਾਂ ਨੂੰ ਦਸੰਬਰ ਦੀ ਸ਼ੁਰੂਆਤ ‘ਚ ਕਾਫੀ ਸਮੇਂ ਬਾਅਦ ਬਰਫਬਾਰੀ ਦੇਖਣ ਨੂੰ ਮਿਲੀ।