ਲੁਧਿਆਣਾ: ਨਾਜਾਇਜ਼ ਮੀਟ ਕੱਟਣ ਅਤੇ ਕਬਜ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੀਆਂ ਟੀਮਾਂ ਨੇ ਐਤਵਾਰ ਨੂੰ ਸ਼ਿਵਪੁਰੀ ਪੁਲੀ ਬੁੱਢੇ ਡਰੇਨ ਨੇੜੇ ਨਾਜਾਇਜ਼ ਮੱਛੀ ਮਾਰਕੀਟ ‘ਤੇ ਕਾਰਵਾਈ ਕੀਤੀ।ਨਗਰ ਨਿਗਮ ਦੀ ਸਿਹਤ ਸ਼ਾਖਾ ਅਤੇ ਤਹਿਬਾਜ਼ਾਰੀ ਸ਼ਾਖਾ ਦੀਆਂ ਸਾਂਝੀਆਂ ਟੀਮਾਂ ਨੇ ਵੀ ਕੁੰਦਨਪੁਰੀ ਖੇਤਰ ਨੇੜੇ ਗੈਰ-ਕਾਨੂੰਨੀ ਮੀਟ ਕੱਟਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਦੋਵਾਂ ਥਾਵਾਂ ‘ਤੇ 1 ਕੁਇੰਟਲ ਤੋਂ ਵੱਧ ਗੈਰ-ਕਾਨੂੰਨੀ ਤੌਰ ‘ਤੇ ਕੱਟੇ ਮੀਟ/ਮੱਛੀ ਨੂੰ ਨਸ਼ਟ ਕੀਤਾ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੀਟ ਵਿਕਰੇਤਾਵਾਂ/ਦੁਕਾਨਦਾਰਾਂ ਨੂੰ ਗੈਰ-ਕਾਨੂੰਨੀ ਮੀਟ ਦੀ ਕਟਾਈ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ਿਵਪੁਰੀ ਖੇਤਰ ਦੇ ਨੇੜੇ ਨਾਜਾਇਜ਼ ਮੱਛੀ ਮਾਰਕੀਟ ਕਾਰਨ ਟ੍ਰੈਫਿਕ ਜਾਮ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਮੀਟ/ਮੱਛੀ ਵਿਕਰੇਤਾਵਾਂ/ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਸਥਿਤ ਨਗਰ ਨਿਗਮ ਦੇ ਆਧੁਨਿਕ ਬੁੱਚੜਖਾਨੇ/ਕਸਾਈ ਘਰ ਤੋਂ ਹੀ ਮੀਟ ਦੀ ਕਟਾਈ ਕਰਵਾਉਣ।