ਬਠਿੰਡਾ: ਬਠਿੰਡਾ ਦੇ ਡੱਬਵਾਲੀ ਰੋਡ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿੱਚ ਉਸ ਸਮੇਂ ਇੱਕ ਦਰਦਨਾਕ ਘਟਨਾ ਵਾਪਰੀ ਜਦੋਂ ਗੱਦੇ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਗੱਦੇ ਦੀ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਇੰਨੀ ਭਿਆਨਕ ਸੀ ਕਿ ਇਹ ਤੇਜ਼ੀ ਨਾਲ ਫੈਲ ਰਹੀ ਸੀ। ਅੱਗ ਲੱਗਣ ਕਾਰਨ ਫੈਕਟਰੀ ਦਾ ਸ਼ੈੱਡ ਢਹਿ ਗਿਆ। ਇਸ ਘਟਨਾ ਦੌਰਾਨ ਅੰਦਰ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਘਟਨਾ ਦੌਰਾਨ ਮਾਰੇ ਗਏ ਮਜ਼ਦੂਰ ਨੇੜਲੇ ਪਿੰਡ ਸ਼ੇਰਗੜ੍ਹ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।