ਲੁਧਿਆਣਾ : ਸਿਟੀ ਬੱਸ ਸਰਵਿਸ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ ਕਿ ਕੰਪਨੀ ਦੀ ਮਾਲਕੀ ਵਾਲੀਆਂ ਸਿਟੀ ਬੱਸਾਂ ਸ਼ਹਿਰ ਦੀਆਂ ਸੜਕਾਂ ‘ਤੇ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕਰੋੜਾਂ ਰੁਪਏ ਦੇ ਬਕਾਇਆ ਕਿਰਾਏ ਦੀ ਵਸੂਲੀ ਨਾ ਹੋਣ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਟਰਮੀਨੇਸ਼ਨ ਨੋਟਿਸ ਜਾਰੀ ਕਰਕੇ ਸਿਟੀ ਬੱਸ ਸੇਵਾ ਚਲਾਉਣ ਲਈ ਕੰਪਨੀ ਨਾਲ ਕੀਤਾ ਗਿਆ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ। ਜਿਸ ਦੇ ਆਧਾਰ ‘ਤੇ ਨਗਰ ਨਿਗਮ ਕੰਪਨੀ ਦੇ ਕਬਜ਼ੇ ‘ਚੋਂ ਸਿਟੀ ਬੱਸਾਂ ਵਾਪਸ ਲੈ ਰਿਹਾ ਹੈ ਪਰ 5 ਸਾਲ ਦੀ ਸਮਾਂ ਸੀਮਾ ਪੂਰੀ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਫਿਲਹਾਲ 26 ਸਿਟੀ ਬੱਸਾਂ ਕੰਪਨੀ ਦੇ ਕਬਜ਼ੇ ‘ਚ ਹਨ |
ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਇਨ੍ਹਾਂ ਵਿੱਚੋਂ ਕੁਝ ਮਿੰਨੀ ਸਿਟੀ ਬੱਸਾਂ ਸਾਹਨੇਵਾਲ ਅਤੇ ਚੰਡੀਗੜ੍ਹ ਰੋਡ ਦੇ ਮੁਨਾਫ਼ੇ ਵਾਲੇ ਰੂਟਾਂ ‘ਤੇ ਚਲਾਈਆਂ ਜਾ ਰਹੀਆਂ ਹਨ ਪਰ ਇਸ ਲਈ ਨਗਰ ਨਿਗਮ ਨੇ ਕੰਪਨੀ ਨੂੰ ਅਸਲ ਪਰਮਿਟ ਨਹੀਂ ਦਿੱਤਾ ਅਤੇ ਇਸ ਤੋਂ ਬਿਨਾਂ ਸਿਟੀ ਬੱਸਾਂ ਕੰਪਨੀ ਦੇ ਕਬਜ਼ੇ ਵਿਚ ਸੜਕਾਂ ‘ਤੇ ਚੱਲ ਰਹੀ ਹੈ। ਇਸ ਸਬੰਧੀ ਨਗਰ ਨਿਗਮ ਵੱਲੋਂ ਆਰਟੀਓ ਵਿਭਾਗ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਰਟੀਓ ਵਿਭਾਗ ਵੱਲੋਂ ਬਿਨਾਂ ਪਰਮਿਟ ਸੜਕਾਂ ‘ਤੇ ਚੱਲ ਰਹੀਆਂ ਸਿਟੀ ਬੱਸਾਂ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ।