ਭਵਾਨੀਗੜ੍ਹ : ਸਥਾਨਕ ਸ਼ਹਿਰ ਦੇ ਰਾਮਪੁਰਾ ਰੋਡ ‘ਤੇ ਸਥਿਤ ਇਕ ਘਰ ‘ਚੋਂ ਭੇਤਭਰੇ ਹਾਲਾਤਾਂ ‘ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸਥਾਨਕ ਰਾਮਪੁਰਾ ਰੋਡ ‘ਤੇ ਸਥਿਤ ਇਕ ਘਰ ‘ਚ ਦੋ ਨੌਜਵਾਨਾਂ ਰਣਜੀਤ ਸਿੰਘ ਅਤੇ ਬਨੀ ਸਿੰਘ ਦੀਆਂ ਲਾਸ਼ਾਂ ਭੇਤਭਰੀ ਹਾਲਤ ‘ਚ ਪਈਆਂ ਮਿਲੀਆਂ, ਜਿਨ੍ਹਾਂ ‘ਚੋਂ ਇਕ ਦੇ ਹੱਥ ‘ਚ ਸਰਿੰਜ ਫੜੀ ਹੋਈ ਸੀ। ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ।
ਮੌਕੇ ‘ਤੇ ਮੌਜੂਦਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਰਿਸ਼ਤੇਦਾਰ ਰਣਜੀਤ ਸਿੰਘ ਦਾ ਘਰ ਹੈ ਅਤੇ ਉਹ ਇੱਥੇ ਇਕੱਲਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਮਾਤਾ-ਪਿਤਾ ਅਤੇ ਭਰਾ ਦੀ ਮੌਤ ਤੋਂ ਬਾਅਦ ਘਰ ‘ਚ ਇਕੱਲਾ ਰਹਿੰਦਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਇਸੇ ਕਾਰਨ ਉਸ ਦਾ ਲੜਕਾ ਬਾਣੀ ਰਾਤ ਨੂੰ ਇੱਥੇ ਆ ਕੇ ਉਸ ਦੇ ਕੋਲ ਸੌਂਦਾ ਸੀ। ਪਰ ਅੱਜ ਸਵੇਰੇ ਜਦੋਂ ਉਨ੍ਹਾਂ ਦਾ ਲੜਕਾ ਘਰ ਵਾਪਸ ਨਹੀਂ ਆਇਆ ਅਤੇ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਫ਼ੋਨ ਵੀ ਬੰਦ ਸੀ, ਜਿਸ ਕਰਕੇ ਜਦੋਂ ਉਹ ਉਸ ਦੀ ਭਾਲ ਵਿੱਚ ਰਣਜੀਤ ਸਿੰਘ ਦੇ ਘਰ ਪੁੱਜੇ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਬੰਦ ਸਨ।ਜਦੋਂ ਉਨ੍ਹਾਂ ਨੇ ਇਕ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੂੰ ਕਮਰੇ ਦੇ ਅੰਦਰ ਬੈੱਡ ‘ਤੇ ਦੋਹਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਮੌਕੇ ‘ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।