ਬਟਾਲਾ : ਅੱਜ ਸਵੇਰੇ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਮਹਿਤਾ ਚੌਕ ਸਥਿਤ ਕਾਪੀ-ਬੁੱਕਜ਼ ਦੇ ਸ਼ੋਅਰੂਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਜਗਜੀਤ ਸਿੰਘ ਵਾਸੀ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਮਹਿਤਾ ਚੌਕ ਵਿਖੇ ਮਾਸਟਰ ਪੇਪਰ ਐਂਡ ਸਟੇਸ਼ਨਰੀ ਐਂਡ ਪ੍ਰਿੰਟਿੰਗ ਹਾਊਸ ਦੇ ਨਾਂ ’ਤੇ ਕਾਪੀਆਂ-ਕਿਤਾਬਾਂ ਦਾ ਸ਼ੋਅਰੂਮ ਹੈ ਅਤੇ ਜਦੋਂ ਉਸ ਨੇ ਆਪਣਾ ਸ਼ੋਅਰੂਮ ਖੋਲ੍ਹਿਆ ਤਾਂ ਇਸ ਸਵੇਰੇ ਉਸ ਨੇ ਅੰਦਰ ਸਫਾਈ ਕੀਤੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਸ਼ੀਸ਼ਾ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਭਾਵੇਂ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਲੱਗਣ ਕਾਰਨ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਸ ਨਾਲ ਉਨ੍ਹਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ।
ਜਗਜੀਤ ਸਿੰਘ ਅਨੁਸਾਰ ਇਸ ਸਬੰਧੀ ਪੁਲਿਸ ਚੌਕੀ ਮਹਿਤਾ ਚੌਕ ਵਿਖੇ ਸੂਚਨਾ ਦੇ ਦਿੱਤੀ ਗਈ ਹੈ | ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮਹਿਤਾ ਗਗਨਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇੱਥੇ ਇਹ ਵੀ ਦੱਸ ਦੇਈਏ ਕਿ ਕਰੀਬ ਦੋ ਦਿਨ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਬਟਾਲਾ ਦੇ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਆਂ ਚਲਾ ਕੇ ਸ਼ੀਸ਼ੇ ਤੋੜ ਦਿੱਤੇ ਸਨ ਅਤੇ ਅੱਜ ਉਨ੍ਹਾਂ ਨੇ ਮਹਿਤਾ ਚੌਕ ‘ਤੇ ਗੋਲੀਆਂ ਚਲਾ ਕੇ ਸ਼ੋਅਰੂਮ ਦੇ ਸ਼ੀਸ਼ੇ ਤੋੜ ਦਿੱਤੇ ਹਨ।