ਲੁਧਿਆਣਾ : ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਪੁਰਾਣੇ ਇਲਾਕੇ ਛਾਉਣੀ ਮੁਹੱਲੇ ‘ਚ ਇਕ ਸਰਕਾਰੀ ਸਕੂਲ ਨੇੜੇ ਲੱਗੇ ਬਿਜਲੀ ਦੇ ਟਰਾਂਸਫਾਰਮਰ ‘ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਕਾਰਨ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਇਲੈਕਟ੍ਰਾਨਿਕ ਬੋਰਡਾਂ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸ ਦੌਰਾਨ ਖੁਸ਼ਕਿਸਮਤੀ ਰਹੀ ਕਿ ਇਹ ਭਿਆਨਕ ਅੱਗ ਟਰਾਂਸਫਾਰਮਰ ਦੇ ਨੇੜੇ ਖੜ੍ਹੇ ਇਲਾਕਾ ਨਿਵਾਸੀਆਂ ਦੇ ਵਾਹਨਾਂ ਤੱਕ ਨਹੀਂ ਪਹੁੰਚ ਸਕੀ, ਨਹੀਂ ਤਾਂ ਇਲਾਕੇ ‘ਚ ਵੱਡਾ ਨੁਕਸਾਨ ਹੋ ਸਕਦਾ ਸੀ। ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਇਲਾਕਾ ਨਿਵਾਸੀਆਂ ਨੇ ਬਿਜਲੀ ਦੇ ਟਰਾਂਸਫਾਰਮਰ ‘ਤੇ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਅੱਗ ਲਗਾਤਾਰ ਵਧਦੀ ਜਾ ਰਹੀ ਸੀ।ਭਿਆਨਕ ਅੱਗ ਅਤੇ ਵਧਦੇ ਖਤਰੇ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਰੀਬ 15 ਮਿੰਟ ਦੀ ਮਿਹਨਤ ਤੋਂ ਬਾਅਦ ਜਲ ਤੋਪਾਂ ਨਾਲ ਅੱਗ ‘ਤੇ ਕਾਬੂ ਪਾਇਆ।