ਲੁਧਿਆਣਾ : ਮਲੇਰਕੋਟਲਾ ‘ਚ ਇਕ ਨੌਜਵਾਨ ‘ਤੇ 18 ਸਾਲਾ ਲੜਕੀ ਨੂੰ ਘਰੋਂ ਅਗਵਾ ਕਰਨ ਅਤੇ ਉਸ ਨੂੰ ਵਿਆਹ ਲਈ ਵੇਚਣ ਦੀ ਤਿਆਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਲੋਕਾਂ ਨੇ ਮੇਹਰਬਾਨ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।
ਥਾਣਾ ਸਦਰ ਦੇ ਬਾਹਰ ਲੜਕੀ ਦੇ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸੇ ਪਿੰਡ ਦੇ ਹੀ ਇਕ ਨੌਜਵਾਨ ਨੇ ਲੜਕੀ ਨੂੰ ਚਾਕੂ ਦੀ ਨੋਕ ‘ਤੇ ਅਗਵਾ ਕਰ ਲਿਆ ਸੀ ਅਤੇ ਮਲੇਰਕੋਟਲਾ ਲੈ ਗਿਆ ਸੀ, ਜਿੱਥੇ ਉਸ ਨੇ ਲੜਕੀ ਨੂੰ ਆਪਣੇ ਚਾਚੇ ਦੇ ਘਰ ਰੱਖਿਆ ਸੀ। 5 ਦਿਨ ਤੱਕ ਉਸ ਨੂੰ ਨਸ਼ੀਲਾ ਪਦਾਰਥ ਪਿਲਾਉਂਦਾ ਰਿਹਾ। ਲੜਕੀ ਨੇ ਕਿਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਪੀੜਤ ਲੜਕੀ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਮੰਗਾ ਨੂੰ ਵੀ ਗ੍ਰਿਫਤਾਰ ਕਰ ਲਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਨੂੰ ਕਿਸੇ ਨਾਲ ਵਿਆਹ ਕਰਵਾਉਣ ਲਈ ਵੇਚਣ ਦੀ ਤਿਆਰੀ ਕਰ ਰਿਹਾ ਸੀ। ਇਸ ਬਾਰੇ ਜਦੋਂ ਲੜਕੀ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਅਤੇ ਪਰਿਵਾਰ ਨੇ ਇਸ ਸਬੰਧੀ ਥਾਣਾ ਮੇਹਰਬਾਨ ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਲੜਕੀ ਨੂੰ ਮਲੇਰਕੋਟਲਾ ਤੋਂ ਬਰਾਮਦ ਕਰ ਕੇ ਲੁਧਿਆਣਾ ਲਿਆਂਦਾ।
ਪੁਲਸ ‘ਤੇ ਦੋਸ਼ ਲਗਾਉਂਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਪੁਲਸ ਜਦੋਂ ਉਸ ਨੂੰ ਮਾਲੇਰਕੋਟਲਾ ਤੋਂ ਲੁਧਿਆਣਾ ਲੈ ਕੇ ਆ ਰਹੀ ਸੀ ਤਾਂ ਰਸਤੇ ਵਿਚ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਦੋਸ਼ੀ ਮੰਗਾ ਦੀ ਮਦਦ ਕਰ ਰਹੀ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਕੀਤੇ ਬਿਨਾਂ ਹੀ ਨੌਜਵਾਨ ਨੂੰ ਛੱਡ ਦਿੱਤਾ ਹੈ।