Connect with us

ਪੰਜਾਬ ਨਿਊਜ਼

ਜਲੰਧਰ ਦਾ ਇਹ ਇਲਾਕਾ ਛਾਉਣੀ ‘ਚ ਕੀਤਾ ਤਬਦੀਲ, ਵੱਡੀ ਗਿਣਤੀ ‘ਚ ਪੁੱਜੀ ਪੁਲਿਸ

Published

on

ਜਲੰਧਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਵਿਚ ਹਰ ਨਸ਼ਾ ਤਸਕਰ ਪੁਲਿਸ ਦੇ ਰਾਡਾਰ ‘ਤੇ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਪੰਜਾਬ ‘ਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ | ਇਸ ਤਹਿਤ ਅੱਜ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ‘ਚ ਕਾਂਜੀ ਮੰਡੀ ਨੂੰ ਛਾਉਣੀ ‘ਚ ਤਬਦੀਲ ਕਰ ਕੇ CASO ਦੀ ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ |

ਪਤਾ ਲੱਗਾ ਹੈ ਕਿ ਉਕਤ ਘਰਾਂ ‘ਚੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਇਕ ਨਸ਼ਾ ਤਸਕਰ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜਦੋਂ ਕਿ ਐਸ.ਐਚ.ਓ ਰਾਮਾ ਮੰਡੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਕਤ ਚੈਕਿੰਗ ਦੁਪਹਿਰ ਤੱਕ ਜਾਰੀ ਰਹੇਗੀ, ਉਸ ਤੋਂ ਬਾਅਦ ਹੀ ਪੂਰੀ ਬਰੀਕੀ ਨਾਲ ਪਤਾ ਚੱਲ ਸਕੇਗਾ ਕਿ ਕਿਹੜੀ ਬਰਾਮਦਗੀ ਹੋਈ ਹੈ ਅਤੇ ਕਿੰਨੇ ਸਮੱਗਲਰ ਫੜੇ ਗਏ ਹਨ।

ਦੱਸ ਦੇਈਏ ਕਿ ਬੀਤੇ ਦਿਨ ਥਾਣਾ ਮਕਸੂਦਾਂ ਦੇ ਐਸ.ਐਚ.ਓ. ਬਿਕਰਮ ਸਿੰਘ ਨੇ ਪੁਲਿਸ ਪਾਰਟੀਆਂ ਸਮੇਤ ਦੇਸ਼ ਦੇ ਵੱਖ-ਵੱਖ ਪਿੰਡਾਂ ਨੰਗਲ ਸਲੇਮਪੁਰ, ਜਮਾਲਪੁਰ ਕਲੋਨੀ, ਨੂਰਪੁਰ, ਭੂਤ ਕਲੋਨੀ ਵਿੱਚ ਨਸ਼ਾ ਤਸਕਰਾਂ ਦੇ ਘਰਾਂ ‘ਤੇ ਸੀ.ਐਸ.ਓ. ਤਹਿਤ ਛਾਪੇਮਾਰੀ ਕੀਤੀ ਸੀ। ਫਿਲਹਾਲ ਇਸ ਛਾਪੇਮਾਰੀ ‘ਚ ਪੁਲਸ ਨੂੰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਐਸ.ਐਚ.ਓ ਬਿਕਰਮ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਉਹ ਹਰ ਨਸ਼ਾ ਤਸਕਰ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਭਵਿੱਖ ‘ਚ ਵੀ ਪੁਲਸ ਦੀ ਛਾਪੇਮਾਰੀ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਣਗੇ ਅਤੇ ਜੇਕਰ ਕਿਸੇ ਬਾਰੇ ਪਤਾ ਲੱਗਾ ਤਾਂ ਉਸ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਇਲਾਕੇ ਵਿੱਚ ਪੁਲੀਸ ਦੀ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕਾ ਨਿਵਾਸੀ ਕਿਸੇ ਵੀ ਨਸ਼ਾ ਤਸਕਰ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ ਤਾਂ ਉਹ ਬੇਝਿਜਕ ਉਸ ਨੂੰ ਫ਼ੋਨ ਕਰ ਸਕਦੇ ਹਨ ਜਾਂ ਮਿਲ ਸਕਦੇ ਹਨ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।ਉਨ੍ਹਾਂ ਕਿਹਾ ਕਿ ਆਮ ਲੋਕ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਸੂਚਿਤ ਕਰਨ ਤਾਂ ਜੋ ਨਸ਼ਿਆਂ ਨੂੰ ਜੜ੍ਹੋਂ ਪੁੱਟਿਆ ਜਾ ਸਕੇ।

Facebook Comments

Trending