ਲੁਧਿਆਣਾ : ਪੰਜਾਬ ਦੇ ਸ਼ਾਇਰ ਅਤੇ ਪ੍ਰਸਿੱਧ ਲੇਖਕ ਪਦਮਸ਼੍ਰੀ ਸੁਰਜੀਤ ਸਿੰਘ ਪਾਤਰ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਉੱਘੀਆਂ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੀਆਂ। ਅੰਤਿਮ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਿਆ।
ਸੀ.ਐਮ. ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਰੋਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਉਨ੍ਹਾਂ ਲਿਖਿਆ ਕਿ ਪੰਜਾਬੀ ਮਾਂ ਬੋਲੀ ਦੇ ਹੋਣਹਾਰ ਪੁੱਤਰ ਸੁਰਜੀਤ ਪਾਤਰ ਸਹਿਬ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ, ਜੋ ਪਰਿਵਾਰ ਅਤੇ ਪੰਜਾਬੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਸੀ.ਐਮ. ਭਗਵੰਤ ਮਾਨ ਨੇ ਦੱਸਿਆ ਕਿ ਅੱਜ ਉਹ ਲੁਧਿਆਣਾ ਵਿਖੇ ਪਾਤਰ ਸਾਹਬ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬੇਸ਼ੱਕ ਪਾਤਰ ਸਾਹਬ ਜੀ ਹੁਣ ਸਰੀਰਕ ਤੌਰ ‘ਤੇ ਨਹੀਂ ਰਹੇ ਪਰ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਉਹਨਾਂ ਦੇ ਦਰਦ ਨੂੰ ਬਿਆਨ ਕਰਨ ਵਾਲੀਆਂ ਉਹਨਾਂ ਦੀਆਂ ਲਿਖਤਾਂ ਸਾਡੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੀਆਂ।