ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਉਣ ਵਾਲੀ ਫ਼ਸਲ ਝੋਨੇ ਦੀ ਲੁਆਈ ਅਤੇ ਬਿਜਾਈ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਨੂੰ ਵੀ ਯੋਗ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਜਾਰੀ ਸ਼ਡਿਊਲ ਨੋਟੀਫਿਕੇਸ਼ਨ ਅਨੁਸਾਰ ਸੂਬੇ ਭਰ ਦੇ ਸਾਰੇ ਕਿਸਾਨ ਜੋ ਸਿੱਧੀ ਬਿਜਾਈ ਕਰਨਾ ਚਾਹੁੰਦੇ ਹਨ, ਉਹ 15 ਮਈ ਤੋਂ ਆਪਣੇ ਖੇਤਾਂ ਵਿੱਚ ਕੰਮ ਸ਼ੁਰੂ ਕਰ ਸਕਣਗੇ। ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਦੇ ਕਿਸਾਨ 11 ਜੂਨ ਤੋਂ ਰਵਾਇਤੀ ਢੰਗ ਨਾਲ ਝੋਨਾ ਲਗਾ ਸਕਣਗੇ।
ਇਸ ਦੇ ਨਾਲ ਹੀ ਅੰਤਰ-ਰਾਸ਼ਟਰੀ ਸਰਹੱਦ ਨਾਲ ਲੱਗਦੇ ਫਰੀਦਕੋਟ ਅਤੇ ਮਾਨਸਾ ਦੀਆਂ ਜ਼ਮੀਨਾਂ ਦੇ ਕਿਸਾਨ ਵੀ 11 ਜੂਨ ਤੋਂ ਝੋਨਾ ਲਗਾ ਸਕਣਗੇ, ਜਦਕਿ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ 15 ਜੂਨ ਤੋਂ ਝੋਨੇ ਦੀ ਰਵਾਇਤੀ ਲਵਾਈ ਲਈ ਸਮਾਂ ਮਿੱਥਿਆ ਗਿਆ ਹੈ। ਝੋਨੇ ਦੀ ਫ਼ਸਲ ਲਈ ਇਹ ਸ਼ਡਿਊਲ ਜਾਰੀ ਕਰਨ ਦੇ ਨਾਲ-ਨਾਲ ਸਰਕਾਰ ਨੇ ਬਿਜਲੀ ਅਤੇ ਨਹਿਰੀ ਵਿਭਾਗਾਂ ਨੂੰ ਵੀ ਲੋੜ ਅਨੁਸਾਰ ਪ੍ਰਬੰਧ ਕਰਨ ਲਈ ਕਿਹਾ ਹੈ।