ਨਵੀਂ ਦਿੱਲੀ : ਬੁੱਧਵਾਰ ਦੀ ਸਵੇਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਭਰਨ ਵਾਲੇ ਲੋਕਾਂ ਲਈ ਬਹੁਤ ਪਰੇਸ਼ਾਨੀ ਭਰੀ ਰਹੀ। ਇਨ੍ਹਾਂ ਦੋਵਾਂ ਏਅਰਲਾਈਨਾਂ ਨੇ ਆਪਣੀਆਂ ਘੱਟੋ-ਘੱਟ 86 ਉਡਾਣਾਂ ਰੱਦ ਕਰ ਦਿੱਤੀਆਂ ਹਨ। ਕੰਪਨੀ ਨੇ ਹੁਣ ਇਸ ਕਦਮ ਪਿੱਛੇ ਕਈ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ‘ਮਾਸ ਸਿਕ ਲੀਵ’ (ਸਮੂਹਿਕ ਬਿਮਾਰੀ ਛੁੱਟੀ) ਲੈਣ ਦਾ ਹਵਾਲਾ ਦਿੱਤਾ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਏਅਰਲਾਈਨਜ਼ ਦੇ ਇੰਨੇ ਕਰਮਚਾਰੀਆਂ ਨੇ ਅਚਾਨਕ ਛੁੱਟੀ ਕਿਉਂ ਲੈ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਏਅਰਲਾਈਨਜ਼ ਦੇ ਕਈ ਸੀਨੀਅਰ ਅਧਿਕਾਰੀ ਵੀ ਬਿਮਾਰ ਛੁੱਟੀ ਲੈ ਚੁੱਕੇ ਹਨ, ਜਿਨ੍ਹਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤੀ ਨਿਯਮਾਂ ਤੋਂ ਬਾਅਦ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕੱਲ੍ਹ ਕਰੀਬ 300 ਕੈਬਿਨ ਕਰੂ ਨੇ ਬਿਮਾਰ ਛੁੱਟੀ ਲੈ ਲਈ ਹੈ।
ਸੂਤਰਾਂ ਮੁਤਾਬਕ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦਾ ਰਲੇਵਾਂ ਹੋਣ ਜਾ ਰਿਹਾ ਹੈ, ਇਸ ਲਈ ਦੋਵਾਂ ਏਅਰਲਾਈਨਾਂ ਦੇ ਪਾਇਲਟਾਂ ਅਤੇ ਕੈਬਿਨ ਕਰੂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਨੌਕਰੀ ਖਤਰੇ ‘ਚ ਹੈ। ਜਿਸ ਕਾਰਨ ਹਰ ਕੋਈ ਵਿਰੋਧ ਕਰ ਰਿਹਾ ਹੈ। ਬੀਤੀ ਰਾਤ ਤੋਂ ਇਹ ਵਿਰੋਧ ਹੋਰ ਵੱਡਾ ਹੋ ਗਿਆ ਹੈ, ਜਿਸ ਕਾਰਨ 86 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮੱਧ ਪੂਰਬ ਅਤੇ ਖਾੜੀ ਦੇਸ਼ਾਂ ਤੋਂ ਵੱਧ ਤੋਂ ਵੱਧ ਉਡਾਣਾਂ ਸ਼ਾਮਲ ਹਨ।
ਜਦੋਂ ਏਅਰ ਇੰਡੀਆ ਕੇਂਦਰ ਸਰਕਾਰ ਕੋਲ ਸੀ ਤਾਂ ਬਹੁਤ ਸਾਰੀਆਂ ਯੂਨੀਅਨਾਂ ਪਾਇਲਟਾਂ ਅਤੇ ਕੈਬਿਨ ਕਰੂ ਦੇ ਨਾਲ ਸਨ, ਪਰ ਹੁਣ ਪ੍ਰਾਈਵੇਟ ਹੋਣ ਤੋਂ ਬਾਅਦ ਇਨ੍ਹਾਂ ਯੂਨੀਅਨਾਂ ਦੀ ਜ਼ਿਆਦਾ ਮਹੱਤਤਾ ਨਹੀਂ ਰਹੀ।ਇਨ੍ਹਾਂ ਸਾਰੇ ਕਾਰਨਾਂ ਕਾਰਨ ਏਅਰਲਾਈਨਜ਼ ਦੇ ਕਰਮਚਾਰੀ ਨਾਰਾਜ਼ ਹਨ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਕਈ ਏਅਰਲਾਈਨਜ਼ ਦੇ ਕਰੂ ਬੀਮਾਰ ਹੋਣੇ ਸ਼ੁਰੂ ਹੋ ਗਏ ਸਨ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਕੋਚੀ, ਕਾਲੀਕਟ ਅਤੇ ਬੈਂਗਲੁਰੂ ਸਮੇਤ ਕਈ ਹਵਾਈ ਅੱਡਿਆਂ ‘ਤੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਸੂਤਰਾਂ ਮੁਤਾਬਕ ਜੇਕਰ ਇਸ ਮਾਮਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਕਈ ਹੋਰ ਉਡਾਣਾਂ ਰੱਦ ਹੋ ਜਾਣਗੀਆਂ।