ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਮੌਸਮ ਨੂੰ ਲੈ ਕੇ ਵਿਭਾਗ ਨੇ 24 ਘੰਟਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਅਤੇ 22 ਅਪ੍ਰੈਲ ਤੱਕ ਚੰਡੀਗੜ੍ਹ ਅਤੇ ਹਰਿਆਣਾ ਸਮੇਤ ਪੰਜਾਬ ‘ਚ ਕਈ ਥਾਵਾਂ ‘ਤੇ ਗਰਜ ਅਤੇ ਹਨੇਰੀ ਨਾਲ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਵੀ ਪਿਆ।
ਇਸ ਦੌਰਾਨ ਕਈ ਥਾਵਾਂ ’ਤੇ ਦਰੱਖਤ ਡਿੱਗ ਪਏ ਅਤੇ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਵਿਸਾਖੀ ਦੇ ਤਿਉਹਾਰ ਤੋਂ ਬਾਅਦ ਗਰਮੀ ਦਾ ਮੌਸਮ ਜ਼ੋਰ ਫੜਨ ਲੱਗਾ ਸੀ ਅਤੇ ਦਿਨੋਂ-ਦਿਨ ਤਾਪਮਾਨ ਵਧਦਾ ਹੀ ਜਾ ਰਿਹਾ ਸੀ, ਜਿਸ ਕਾਰਨ ਆਮ ਲੋਕ ਗਰਮੀ ਤੋਂ ਬਚਣ ਲੱਗੇ ਸਨ ਪਰ ਕੱਲ੍ਹ ਬਾਅਦ ਦੁਪਹਿਰ ਅਚਾਨਕ ਤੇਜ਼ ਮੀਂਹ ਪੈ ਗਿਆ। ਮੌਸਮ ਵੀ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ। ਬੇਸ਼ੱਕ ਮੀਂਹ ਰੁਕ ਗਿਆ ਸੀ ਪਰ ਕਣਕ ਦੀ ਵਾਢੀ ਕਾਰਨ ਕਿਸਾਨ ਭਾਰੀ ਚਿੰਤਾ ਵਿੱਚ ਹਨ।