ਮੁੰਬਈ : ਮੁੰਬਈ ‘ਚ ਫਿਲਮ ਐਕਟਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੋਹਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਦੋਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੱਕ ਵਿਅਕਤੀ ਬਾਈਕ ਦਾ ਮਾਲਕ ਹੈ, ਜੋ ਰਾਏਗੜ੍ਹ ਦਾ ਰਹਿਣ ਵਾਲਾ ਹੈ ਅਤੇ ਦੂਜਾ ਏਜੰਟ ਦੱਸਿਆ ਜਾਂਦਾ ਹੈ।
ਕ੍ਰਾਈਮ ਵਿਭਾਗ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀ ਸ਼ੂਟਰ ਨੇ ਬਾਈਕ ਸਿੱਧੇ ਮਾਲਕ ਤੋਂ ਖਰੀਦੀ ਸੀ ਜਾਂ ਕਿਸੇ ਹੋਰ ਨੇ ਖਰੀਦ ਕੇ ਸੌਂਪੀ ਸੀ। ਸੂਤਰਾਂ ਮੁਤਾਬਕ ਦੋਵੇਂ ਸ਼ੂਟਰ ਪਿਛਲੇ 15 ਦਿਨਾਂ ਤੋਂ ਮੁੰਬਈ ‘ਚ ਰਹਿ ਰਹੇ ਸਨ। ਗੋਲੀ ਚਲਾਉਣ ਵਾਲੇ ਵਿਅਕਤੀ ਨੇ ਰਾਏਗੜ੍ਹ ਦੇ ਇੱਕ ਵਿਅਕਤੀ ਤੋਂ ਬਾਈਕ ਖਰੀਦੀ ਸੀ। ਪੁਲਿਸ ਬਾਈਕ ਵੇਚਣ ਵਾਲੇ ਅਤੇ ਏਜੰਟ ਤੋਂ ਪੁੱਛਗਿੱਛ ਕਰ ਰਹੀ ਹੈ।
ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਵੇਰੇ 5 ਵਜੇ ਦੋ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਹਮਲਾਵਰ ਮੋਟਰਸਾਈਕਲ ਛੱਡ ਕੇ ਸਲਮਾਨ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਮਾਊਂਟ ਮੈਰੀ ਚਰਚ ਨੇੜੇ ਭੱਜ ਗਏ। ਇਹ ਨਵੀਂ ਮੁੰਬਈ ਦੇ ਪਨਵੇਲ ਇਲਾਕੇ ‘ਚ ਰਹਿਣ ਵਾਲੇ ਵਿਅਕਤੀ ਦੇ ਨਾਂ ‘ਤੇ ਰਜਿਸਟਰਡ ਹੈ। ਪਨਵੇਲ ਦੇ ਏਸੀਪੀ ਅਸ਼ੋਕ ਰਾਜਪੂਤ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਹਾਲ ਹੀ ਵਿੱਚ ਮੋਟਰਸਾਈਕਲ ਕਿਸੇ ਹੋਰ ਵਿਅਕਤੀ ਨੂੰ ਵੇਚਿਆ ਸੀ।
ਪੁਲਸ ਨੇ ਦੱਸਿਆ ਕਿ ਦੋਵੇਂ ਦੋਸ਼ੀ ਬਾਈਕ ਨੂੰ ਚਰਚ ਦੇ ਕੋਲ ਛੱਡ ਕੇ ਪੈਦਲ ਚਲੇ ਗਏ ਅਤੇ ਬਾਂਦਰਾ ਰੇਲਵੇ ਸਟੇਸ਼ਨ ਲਈ ਆਟੋਰਿਕਸ਼ਾ ਲੈ ਗਏ। ਬੋਰੀਵਲੀ ਵੱਲ ਜਾ ਰਹੀ ਰੇਲਗੱਡੀ ‘ਤੇ ਸਵਾਰ ਹੋ ਕੇ ਸਾਂਤਾ ਕਰੂਜ਼ ਰੇਲਵੇ ਸਟੇਸ਼ਨ ‘ਤੇ ਉਤਰ ਗਏ। ਪੁਲਿਸ ਨੇ ਕਈ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ।
ਪੁਲੀਸ ਵੱਲੋਂ ਘਟਨਾ ਦੀ ਜਾਂਚ ਲਈ ਦਰਜਨ ਤੋਂ ਵੱਧ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਕੁਝ ਟੀਮਾਂ ਬਿਹਾਰ, ਰਾਜਸਥਾਨ ਅਤੇ ਦਿੱਲੀ ਵਿੱਚ ਭੇਜੀਆਂ ਗਈਆਂ ਹਨ। ਪੁਲਿਸ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ ਅਸਲਾ ਐਕਟ ਦੇ ਤਹਿਤ ਐਫਆਈਆਰ ਦਾ ਮਾਮਲਾ ਦਰਜ ਕੀਤਾ ਹੈ।