ਫਾਜ਼ਿਲਕਾ: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਨੇ ਫਾਜ਼ਿਲਕਾ ਜ਼ਿਲੇ ‘ਚ ਗੈਰ-ਕਾਨੂੰਨੀ ਅਫੀਮ ਦੀ ਖੇਤੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਪੁਲਿਸ ਨੇ ਕਰੀਬ 14.470 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਸਾਂਝੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਸਰਹੱਦ ‘ਤੇ ਚੱਕ ਖੇਵਾ ਢਾਣੀ ਨੇੜੇ ਇਕ ਖੇਤ ‘ਚ ਧਨੀਏ ਸਮੇਤ ਅਫੀਮ ਦੀ ਖੇਤੀ ਹੁੰਦੀ ਮਿਲੀ।
ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਖੁਫੀਆ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਖੇਤਰ ‘ਚ ਵੱਡੇ ਪੱਧਰ ‘ਤੇ ਭੁੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਕਤ ਸਥਾਨ ‘ਤੇ ਛਾਪੇਮਾਰੀ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਅੱਜ ਉਸਨੂੰ ਫਾਜ਼ਿਲਕਾ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਬੀ.ਐੱਸ.ਐੱਫ. ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਕਰੀਬ 3.306 ਕਿਲੋਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ। ਇਸ ਅਪਰੇਸ਼ਨ ਦੌਰਾਨ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੇਹਦੀਪੁਰ ਨੇੜੇ ਬੋਦਲ ਸਾਹਾ ਪੀਰ ਬਾਬਾ ਦੀ ਦਰਗਾਹ ਨੇੜੇ ਇੱਕ ਸ਼ੱਕੀ ਕਾਲੇ ਰੰਗ ਦਾ ਬੈਗ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਾਂਚ ਕਰਨ ‘ਤੇ ਬੈਗ ‘ਚੋਂ 3 ਚਿੱਟੇ ਪੈਕਟ (ਕੁੱਲ ਵਜ਼ਨ ਲਗਭਗ 3.306 ਕਿਲੋਗ੍ਰਾਮ) ਮਿਲੇ, ਜਿਨ੍ਹਾਂ ‘ਚ ਹੈਰੋਇਨ ਹੋਣ ਦਾ ਸ਼ੱਕ ਹੈ।