ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਣ ਉੱਤੇ ਲਾਭਪਾਤਰੀਆਂ ਦੀ ਸਲਾਹ-ਮਸ਼ਵਰਾ ਮਿਲਣੀ ਕਰਵਾਈ ਗਈ। ਭਾਰਤੀ ਖੇਤੀ ਖੋਜ ਪ੍ਰੀਸ਼ਦ-ਅਟਾਰੀ ਜ਼ੋਨ-1, ਲੁਧਿਆਣਾ ਅਤੇ ਪੀ.ਏ.ਯੂ. ਵੱਲੋਂ ਆਯੋਜਿਤ ਇਸ ਮਿਲਣੀ ਵਿਚ ਸ. ਗੁਰਮੀਤ ਸਿੰਘ ਖੁੱਡੀਆਂ, ਮਾਣਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮਿਲਣੀ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ. ਏ. ਯੂ. ਨੇ ਕੀਤੀ। ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਫਾਰਮਰਜ਼ ਕਮਿਸ਼ਨ, ਡਾ. ਆਰ.ਕੇ. ਸਿੰਘ, ਏ.ਡੀ ਜੀ., ਆਈ. ਸੀ. ਏ. ਆਰ. ਅਤੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ, ਅਟਾਰੀ, ਜੋਨ-1 ਲੁਧਿਆਣਾ ਇਸ ਮਿਲਣੀ ਵਿਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

ਪੰਜਾਬ ਭਰ ਤੋਂ ਆਏ ਅਗਾਂਹਵਾਧੂ ਕਿਸਾਨਾਂ, ਪੀ. ਏ. ਯੂ. ਵਿਗਿਆਨੀਆਂ ਅਤੇ ਗੁਆਂਢੀ ਸੂਬਿਆਂ ਦੇ ਕੇ. ਵੀ.ਕੇ. ਦੇ ਮਾਹਿਰਾਂ ਨੇ ਹਰੇ ਇਨਕਲਾਬ ਦੇ ਬਾਨੀ ਡਾ. ਐੱਮ. ਐੱਸ ਸਵਾਮੀਨਾਥਨ ਦੇ ਸਵਰਗਵਾਸ ਹੋਣ ਤੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਾ. ਐੱਮ. ਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਡਾ. ਸਵਾਮੀਨਾਥਨ ਦੀ ਦੂਰ-ਦ੍ਰਿਸ਼ਟੀ ਪ੍ਰਤੀ ਸਮੁੱਚੇ ਦੇਸ਼ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ।

ਸ. ਖੁੱਡੀਆਂ ਨੇ ਕਿਹਾ ਕਿ ਡਾ. ਸਵਾਮੀਨਾਥਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚਲਦਿਆਂ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਹਰੀ ਕ੍ਰਾਂਤੀ ਲਿਆ ਕੇ ਕਣਕ-ਝੋਨੇ ਦੇ ਅੰਬਾਰ ਲਗਾਉਣ ਅਤੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਨਾਲ ਝਾੜ ਵਿਚ ਇਜ਼ਾਫ਼ਾ ਹੋਇਆ ਹੈ ਪਰ ਇਸਦੇ ਨਾਲ ਨਾਲ ਫਸਲਾਂ ਦਾ ਰਹਿੰਦ-ਖੂੰਹਦ ਵੀ ਵਧਿਆ ਹੈ, ਜਿਸਦਾ ਉਚਿਤ ਪ੍ਰਬੰਧਣ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ ਤਾਂ ਜੋ ਕੁਦਰਤੀ ਸੋਮਿਆਂ ਦਾ ਰੱਖ-ਰਖਾਅ ਹੋ ਸਕੇ ਅਤੇ ਵਾਤਾਵਰਨ ਵੀ ਪਲੀਤ ਨਾ ਹੋਵੇ।

ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਡਾ. ਸਵਾਮੀਨਾਥਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਝਾਤ ਪੁਆਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਣਕ ਤੋਂ ਬਾਅਦ ਝੋਨਾ ਡਾ. ਸਵਾਮੀਨਾਥਨ ਅਤੇ ਡਾ. ਗੁਰਦੇਵ ਸਿੰਘ ਖੁਸ਼ ਦੇ ਯਤਨਾਂ ਸਦਕਾ ਹੀ ਆਇਆ। ਵੱਧ ਝਾੜ ਅਤੇ ਯਕੀਨਣ ਮੰਡੀਕਰਨ ਕਰਕੇ ਅੱਜ ਪੰਜਾਬ ਵਿਚ ਝੋਨੇ ਦੀ ਕਾਸ਼ਤ ਵੱਧ ਹੋ ਰਹੀ ਹੈ।

ਇਸ ਮੌਕੇ ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਜੀਵ-ਜੰਤੂਆਂ ਲਈ ਆਕਸੀਜਨ ਦੀ ਮਹੱਤਤਾ ਤੇ ਚਾਣਨਾ ਪਾਉਂਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਆਕਸੀਜਨ ਖਤਮ ਕਰ ਲੈਂਦੇ ਹਾਂ ਅਤੇ ਕਾਰਬਨ ਮੋਨੋਆਕਸਾਇਡ ਪੈਦਾ ਕਰ ਰਹੇ ਹਾਂ, ਜੋ ਸਮੁੱਚੇ ਜੀਵ-ਜੰਤੂਆਂ ਲਈ ਘਾਤਕ ਸਿੱਧ ਹੁੰਦੀ ਹੈ। ਕੁਦਰਤੀ ਕਰੋਪੀਆਂ ਤੋਂ ਬਚਣ ਲਈ ਪਰਾਲੀ ਨੂੰ ਨਾ ਸਾੜਨ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਸੋਧ ਕੇ ਡੰਗਰਾਂ ਦੇ ਖਾਣ ਲਈ ਵਰਤਣ ਦੀ ਸਿਫਾਰਸ਼ ਕੀਤੀ।

ਇਸ ਮੌਕੇ ਡਾ. ਗੁਰਸਾਹਿਬ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ; ਸੁਪਰ ਸੀਡਰ, ਹੈਪੀ ਸੀਡਰ ਅਤੇ ਸਰਫੇਸ ਸੀਡਰ ਦੇ ਨਾਲ ਨਾਲ ਇਨ ਸਿਟੂ ਅਤੇ ਐਕਸ ਸਿਟੂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਅਪਣੇ ਖੇਤਾ ਵਿਚ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਅਤੇ ਵਰਤੀ ਜਾ ਰਹੀ ਖੇਤ ਮਸ਼ੀਨਰੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਬਾਹਰਲੇ ਸੂਬਿਆਂ ਦੇ ਖੇਤੀ ਮਾਹਿਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।