ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਬੀਤੇ ਦਿਨੀਂ ਪਾਮੇਟੀ ਦੇ ਸਹਿਯੋਗ ਨਾਲ ਖਰ੍ਹਵੇ ਅਨਾਜਾਂ ਦੇ ਮੁੱਲ ਵਾਧੇ ਬਾਰੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ| ਇਸ ਤਿੰਨ ਦਿਨਾਂ ਪ੍ਰੋਗਰਾਮ ਵਿਚ ਜ਼ਿਲ੍ਹਾ ਲੁਧਿਆਣਾ ਦੀ 27 ਕਿਸਾਨ ਬੀਬੀਆਂ ਸ਼ਾਮਿਲ ਹੋਈਆਂ|ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਖਰ੍ਹਵੇ ਅਨਾਜਾਂ ਦੀ ਵਰਤੋਂ ਨੂੰ ਵਧਾਉਣਾ ਅਤੇ ਇਸ ਰਾਹੀਂ ਸੰਤੁਲਿਤ ਅਤੇ ਪੋਸ਼ਕ ਭੋਜਨ ਵਾਲੀਆਂ ਫਸਲਾਂ ਪੈਦਾ ਕਰਨ ਲਈ ਮਾਹੌਲ ਪੈਦਾ ਕਰਨਾ ਸੀ|
ਸਿਖਲਾਈ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਪ੍ਰੋਫੈਸਰ ਡਾ. ਨੀਰਜਾ ਸਿੰਗਲਾ ਨੇ ਕਿਹਾ ਕਿ ਖਰ੍ਹਵੇ ਅਨਾਜਾਂ ਦੇ ਸਿਹਤ ਸੰਬੰਧੀ ਮਹੱਤਵ ਅਤੇ ਪੋਸ਼ਕਤਾ ਨੂੰ ਧਿਆਨ ਵਿਚ ਰਖਦਿਆਂ ਇਸ ਸਿਖਲਾਈ ਨੂੰ ਵਿਉਂਤਿਆ ਗਿਆ ਸੀ ਤਾਂ ਜੋ ਖਰ੍ਹਵੇ ਅਨਾਜਾਂ ਤੋਂ ਵੱਖ-ਵੱਖ ਤਰ੍ਹਾਂ ਦੇ ਉਤਪਾਦ ਅਤੇ ਕੁਕੀਜ਼ ਬਨਾਉਣ ਦੇ ਤਰੀਕੇ ਦੱਸੇ ਜਾ ਸਕਣ|ਇਸ ਮੌਕੇ ਵਿਭਾਗ ਦੇ ਵੱਖ-ਵੱਖ ਮਾਹਿਰਾਂ ਨੇ ਕਈ ਪਕਵਾਨ ਬਨਾਉਣ ਦੀਆਂ ਵਿਧੀਆਂ ਸਾਂਝੀਆਂ ਕੀਤੀਆਂ|
ਫਰਮੈਂਟਟ ਉਤਪਾਦ (ਰਾਗੀ ਸਬਜ਼ੀ ਇਡਲੀ ਅਤੇ ਮਿਲਟ ਪੈਨ ਕੇਕਜ਼) ਡੇਜੇਟ ਅਤੇ ਪੂਡਿੰਗ ਅਤੇ ਠੇਠ ਅਨਾਜ ਉਤਪਾਦ ਜਿਵੇਂ ਬਹੁਅਨਾਜੀ ਖਿਚੜੀ, ਦਲੀਆ, ਜਵਾਰ ਰੋਟੀ, ਅਨਾਜ, ਦਹੀ ਚਾਟ ਤੋਂ ਇਲਾਵਾ ਅਨਾਜਾਂ ਤੋਂ ਬਣੇ ਪੌਸ਼ਟਿਕ ਸਨੈਕਸ ਜਿਵੇਂ ਸਬਜ਼ੀਆਂ ਅਤੇ ਕੰਗਣੀ ਦੇ ਕਟਲੇਟ, ਬਹੁਅਨਾਜੀ ਚਿੱਲਾ, ਜਵਾਰ ਅਤੇ ਬਾਜਰੇ ਦੇ ਨਮਕੀਨ ਮਿਸ਼ਰਣ ਤੋਂ ਇਲਾਵਾ ਕਾਰਨ ਫਲੇਕਸ ਅਤੇ ਹੋਰ ਚੀਜ਼ਾਂ ਸ਼ਾਮਲ ਸਨ| ਇਸ ਤੋਂ ਇਲਾਵਾ ਬੇਕਰੀ ਉਤਪਾਦ ਜਿਵੇਂ ਕੇਕ, ਮਫਿਨ, ਬਰੈੱਡ, ਬਹੁ ਅਨਾਜੀ ਕੁਕੀਜ਼ ਆਦਿ ਬਾਰੇ ਵੀ ਸਿਖਲਾਈ ਦਿੱਤੀ ਗਈ|