ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਨਵੇਂ ਵਿਦਿਅਕ ਵਰ੍ਹੇ ਵਿੱਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ‘ਤੇ ਰਜਿੰਦਰ ਕੌਰ ਡਾਇਰੈਕਟਰ ਜੀ .ਐੱਸ ਰੈਡੀਏਟਰ ਮੁਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਏ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਰਣਜੋਧ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਜੀ ਨੇ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ। ਇਸ ਅਵਸਰ ‘ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਡਾਂਸ,ਗੀਤ-ਸੰਗੀਤ ਅਤੇ ਗਿੱਧਾ, ਭੰਗੜਾ ਆਦਿ ਆਈਟਮਾਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ।
ਪਾਰਟੀ ਦਾ ਮੁਖ ਆਕਰਸ਼ਣ ਮਿਸ ਫਰੈਸ਼ਰ ਮੁਕਾਬਲੇ ਦਾ ਬੜੀ ਖ਼ੂਬਸੂਰਤੀ ਨਾਲ ਸੰਚਾਲਨ ਕੀਤਾ ਗਿਆ । ਵਿਦਿਆਰਥਣਾਂ ਨੇ ਵਧ ਚੜ ਕੇ ਹਿੱਸਾ ਲਿਆ। ਪ੍ਰਤੀਯੋਗਤਾ ਵਿੱਚ ਤਿੰਨ ਵੱਖ ਵੱਖ ਪੜਾਵਾਂ ਦੁਆਰਾ ਵਿਦਿਆਰਥਣਾਂ ਦੀ ਬਾਹਰੀ ਸੁੰਦਰਤਾ, ਬੁੱਧੀ ਅਤੇ ਗਿਆਨ ਦੀ ਪ੍ਰੀਖਿਆ ਨਾਲ ਐੱਮ .ਏ. ਮਿਊਜ਼ਿਕ ਵੋਕਲ ਭਾਗ ਪਹਿਲਾ ਦੀ ਵਿਦਿਆਰਥਣ ਹੀਆ ਖੋਸਲਾ ਨੂੰ ਮਿਸ ਫਰੈਸ਼ਰ ਚੁਣਿਆ ਗਿਆ।
ਐੱਮ. ਏ .ਮਿਊਜ਼ਿਕ ਵੋਕਲ ਭਾਗ ਪਹਿਲਾ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਫਸਟ ਰਨਰ ਅਪ, ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਕੁਮਾਰੀ ਅਰਸ਼ਦੀਪ ਕੌਰ ਨੇ ਸੈਕਿੰਡ ਰਨਰ ਅਪ ਦਾ ਖਿਤਾਬ ਜਿੱਤਿਆ। ਸਰਦਾਰਨੀ ਰਜਿੰਦਰ ਕੌਰ ਨੇ ਵਿਜੇਤਾ ਵਿਦਿਆਰਥਣਾਂ ਨੂੰ ਤਾਜ ਪਹਿਨਾਇਆ ਤੇ ਉਹਨਾਂ ਨੂੰ ਵਧਾਈ ਦਿੱਤੀ।
ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਸ. ਰਣਜੋਧ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਵਿਦਿਆਰਥਣਾਂ ਆਪਣੇ ਪੂਰਨ ਵਿਅਕਤੀਤਵ ਨੂੰ ਨਿਖਾਰਦੀਆਂ ਹਨ। ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ।
ਉਨ੍ਹਾਂ ਕਿਹਾ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦੇ ਅੰਦਰ ਆਤਮ-ਵਿਸ਼ਵਾਸ ਜਗਾਉਂਦੀਆਂ ਹਨ, ਉਥੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਅਲੱਗ ਪਹਿਚਾਣ ਵੀ ਦਿਵਾਉਂਦੀਆਂ ਹਨ। ਸਾਰਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਪ੍ਰਿੰਸੀਪਲ ਜਸਪਾਲ ਕੌਰ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥਣਾਂ ਨਵੇਂ ਉਤਸ਼ਾਹ ਅਤੇ ਆਸ ਦੇ ਨਾਲ ਆਉਂਦੀਆਂ ਹਨ, ਇਹਨਾਂ ਦਾ ਜੋਸ਼ ਪ੍ਰਸ਼ੰਸਾ ਦੇ ਕਾਬਿਲ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਵਿਦਿਆਰਥਣਾਂ ਹਰ ਖੇਤਰ ਵਿੱਚ ਅੱਗੇ ਵਧਣ ਅਤੇ ਆਪਣੇ ਕਾਲਜ ਤੇ ਮਾਂ-ਪਿਉ ਦਾ ਨਾਮ ਰੋਸ਼ਨ ਕਰਨ।
ਇਸ ਸ਼ੁਭ ਅਵਸਰ ‘ਤੇ ਮੈਡਮ ਨੇ ਸੀ .ਐੱਸ .ਏ. ਇੰਚਾਰਜ ਮੈਡਮ ਸ੍ਰੀਮਤੀ ਤਜਿੰਦਰ ਕੌਰ ਅਤੇ ਡਾ. ਅਜੀਤ ਕੌਰ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਬੜੇ ਖ਼ੂਬਸੂਰਤ ਪ੍ਰਬੰਧ ਦੇ ਨਾਲ ਇਸ ਸੁੰਦਰ ਪਾਰਟੀ ਦਾ ਆਯੋਜਨ ਕੀਤਾ।