ਲੁਧਿਆਣਾ : ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਕੀਤੀ ਗਈ ਜਾਂਚ ਰਿਪੋਰਟ ਤੇ ਗਵਾਹਾਂ ਦੇ ਬਿਆਨਾਂ ਦੀ ਕਾਪੀ ਬੈਂਸ ਨੂੰ ਦੇਣ ਦੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ। ਬੈਂਸ ਨੇ ਆਪਣੀ ਪਟੀਸ਼ਨ ’ਚ ਕਮਲਪ੍ਰੀਤ ਸਿੰਘ ਦੀ ਗਵਾਹੀ ਤੇ ਇਸ ਤੋਂ ਪਹਿਲਾਂ ਜਾਂਚ ਕਰ ਰਹੀ ਆਈਪੀਐੱਸ ਅਸ਼ਵਨੀ ਗੁਟਿਆਲ ਦੀ ਜਾਂਚ ਰਿਪੋਰਟ ਦੀ ਕਾਪੀ ਨੂੰ ਨਾ ਸੌਂਪਣ ਦਾ ਦੋਸ਼ ਲਾਇਆ ਸੀ।
ਪਟੀਸ਼ਨ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਤੇ ਪੁੱਛਿਆ ਸੀ ਕਿ ਕਿਉਂ ਨਾ ਇਸ ਮਾਮਲੇ ’ਚ ਦੋਸ਼ ਤੈਅ ਕਰਨ ’ਤੇ ਰੋਕ ਲਾ ਦਿੱਤੀ ਜਾਵੇ। ਇਕ ਔਰਤ ਦੀ ਸ਼ਿਕਾਇਤ ’ਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ 10 ਜੁਲਾਈ ਨੂੰ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਆਦੇਸ਼ ਅਨੁਸਾਰ ਲੁਧਿਆਣਾ ਦੀ ਡਵੀਜ਼ਨ-6 ਦੇ ਪੁਲਿਸ ਥਾਣੇ ’ਚ ਸਿਮਰਜੀਤ ਬੈਂਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ।