ਲੁਧਿਆਣਾ : ਚੰਡੀਗੜ ਵਿੱਚ ਕੈਨੇਡਾ ਦੇ ਕੌਂਸਲੇਟ ਜਨਰਲ ਸ਼੍ਰੀ ਪੈਟ੍ਰਿਕ ਹੇਬਰਟ ਨੇ ਪੀ.ਏ.ਯੂ. ਦਾ ਦੌਰਾ ਕਰਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਇਸ ਮਿਲਣੀ ਦਾ ਉਦੇਸ਼ ਕੈਨੇਡਾ ਅਤੇ ਪੀ.ਏ.ਯੂ. ਵਿਚਕਾਰ ਸਾਂਝ ਦੇ ਖੇਤਰਾਂ ਦੀ ਸੰਭਾਵਨਾ ਦੀ ਤਲਾਸ਼ ਸੀ | ਸ਼੍ਰੀ ਪੈਟ੍ਰਿਕ ਨੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਨਾਲ ਗੱਲਬਾਤ ਦੌਰਾਨ ਪੀ.ਏ.ਯੂ. ਦੀ ਖੋਜ, ਅਕਾਦਮਿਕ ਅਤੇ ਪਸਾਰ ਦੀ ਦਿਸ਼ਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਾਂਝੇ ਤੌਰ ਤੇ ਕਾਰਜ ਕਰਨ ਅਤੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਦੇ ਤਬਾਦਲੇ ਸੰਬੰਧੀ ਵਿਚਾਰ-ਵਟਾਂਦਰਾ ਕੀਤਾ |
ਸ਼੍ਰੀ ਪੈਟ੍ਰਿਕ ਨੇ ਕਿਹਾ ਕਿ ਭਾਰਤ ਦੀ ਇਸ ਸਰਵੋਤਮ ਸੰਸਥਾ ਵਿੱਚ ਆਉਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ | ਉਹ ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪੀ.ਏ.ਯੂ. ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹਿੰਦੇ ਹਨ ਅਤੇ ਭਾਰਤ ਦੇ ਇਸ ਖੇਤਰ ਵਿੱਚ ਪੀ.ਏ.ਯੂ. ਨੇ ਖੇਤੀ ਨੂੰ ਵਿਕਸਿਤ ਕਰਨ ਲਈ ਜੋ ਵਡਮੁੱਲੇ ਕਾਰਜ ਕੀਤੇ ਉਹਨਾਂ ਤੋਂ ਭਲੀਭਾਂਤ ਜਾਣੂ ਹਨ ਪਰ ਅੱਜ ਉਹਨਾਂ ਨੇ ਇਸ ਦੌਰੇ ਦੌਰਾਨ ਪੀ.ਏ.ਯੂ. ਦੀ ਕਾਰਜਸ਼ੈਲੀ ਨੂੰ ਨੇੜਿਓ ਅਤੇ ਗੰਭੀਰ ਰੂਪ ਵਿੱਚ ਜਾਣਿਆ ਹੈ |

ਸ਼੍ਰੀ ਪੈਟ੍ਰਿਕ ਹੇਬਰਟ ਨੇ ਕਿਹਾ ਕਿ ਦੁਵੱਲੀ ਸਾਂਝ ਦੇ ਅਨੇਕ ਖੇਤਰ ਹਨ ਜਿਨ੍ਹਾਂ ਵਿੱਚ ਪੀ.ਏ.ਯੂ. ਅਤੇ ਕੈਨੇਡਾ ਦੀਆਂ ਬਹੁਤੀਆਂ ਸੰਸਥਾਵਾਂ ਸਾਂਝੇ ਤੌਰ ਤੇ ਕਾਰਜ ਕਰ ਸਕਦੀਆਂ ਹਨ | ਇਹਨਾਂ ਵਿੱਚ ਪ੍ਰਮੁੱਖ ਇਹ ਹੈ ਕਿ ਕੈਨੇਡਾ ਵਿੱਚ ਭੋਜਨ ਸੁਰੱਖਿਆ ਅਤੇ ਖੇਤੀਬਾੜੀ ਅੱਜ ਭਖਵੇਂ ਖੇਤਰ ਹਨ | ਇਹਨਾਂ ਵਿੱਚ ਕੰਮ ਕਰਨ ਵਾਲੇ ਲੋਕ ਸੰਸਾਰ ਭਰ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾ ਰਹੇ ਹਨ | ਪੀ.ਏ.ਯੂ. ਵੱਲੋਂ ਹਰ ਲਿਹਾਜ਼ ਨਾਲ ਕੀਤਾ ਗਿਆ ਕਾਰਜ ਉਥੋਂ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਗੁਣਕਾਰੀ ਸਿੱਧ ਹੋ ਸਕਦਾ ਹੈ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਪੀ.ਏ.ਯੂ. ਇਲਾਕੇ ਦੇ ਕਿਸਾਨਾਂ ਅਤੇ ਖੇਤੀ ਸਮਾਜ ਦੀ ਬਿਹਤਰੀ ਲਈ ਕਾਰਜਸ਼ੀਲ ਹੈ | ਹਰੀ ਕ੍ਰਾਂਤੀ ਇਸ ਦਿਸ਼ਾ ਵਿੱਚ ਕੀਤਾ ਗਿਆ ਅਜਿਹਾ ਕਾਰਜ ਸੀ ਜਿਸ ਨਾਲ ਇਹ ਇਲਾਕਾ ਦੇਸ਼ ਦਾ ਅੰਨ ਭੰਡਾਰ ਸਾਬਿਤ ਹੋਇਆ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਇੱਕ ਸੰਸਥਾ ਦੇ ਤੌਰ ਤੇ ਵਿਸ਼ਵਾਸ਼ ਹੈ ਕਿ ਹੋਰ ਅਦਾਰਿਆਂ ਨਾਲ ਸਿੱਖਣ ਸਿਖਾਉਣ ਦਾ ਰਿਸ਼ਤਾ ਮਜ਼ਬੂਤ ਕੀਤਾ ਜਾਵੇ | ਇਸ ਪੱਖ ਤੋਂ ਸੰਸਾਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨਾਲ ਦੁਵੱਲੀ ਸਾਂਝ ਦੇ ਸਮਝੌਤੇ ਕੀਤੇ ਗਏ ਹਨ |

ਉਹਨਾਂ ਕਿਹਾ ਕਿ ਕੈਨੇਡਾ ਅਤੇ ਪੀ.ਏ.ਯੂ. ਦਾ ਆਪਸ ਵਿੱਚ ਹੋਰ ਵੀ ਗਹਿਰਾ ਅਕਾਦਮਿਕ ਸੰਬੰਧ ਹੈ | ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਉੱਚ ਸੰਸਥਾਵਾਂ ਵਿੱਚ ਕਾਰਜ ਕੀਤਾ ਹੈ | ਇਹਨਾਂ ਵਿੱਚ ਮੈਕਗਿਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦੀਪ ਸੈਣੀ ਅਤੇ ਹੋਰ ਉੱਚ ਅਕਾਦਮਿਕ ਹਸਤੀਆਂ ਦਾ ਜ਼ਿਕਰ ਡਾ. ਗੋਸਲ ਨੇ ਕੀਤਾ | ਉਹਨਾਂ ਕਿਹਾ ਕਿ ਸਾਸਕਾਚੇਵਾਨ ਯੂਨੀਵਰਸਿਟੀ, ਮੈਕਗਿਲ ਯੂਨੀਵਰਸਿਟੀ ਅਤੇ ਗੁਲੇਫ ਯੂਨੀਵਰਸਿਟੀ ਨਾਲ ਪੀ.ਏ.ਯੂ. ਲਗਾਤਾਰ ਦੁਵੱਲੀ ਸਾਂਝ ਦੇ ਖੇਤਰਾਂ ਤੇ ਕਾਰਜ ਕਰ ਰਹੀ ਹੈ |