ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਸਕੀਮ ਅਧੀਨ ਘਰਾਂ ਦੇ ਨਿਰਮਾਣ ਲਈ 25000 ਯੋਗ ਲਾਭਪਾਤਰੀਆਂ ਨੂੰ ਮਾਲੀ ਇਮਦਾਦ ਵਜੋਂ 101 ਕਰੋੜ ਰੁਪਏ ਦੇ ਚੈੱਕ ਸੌਂਪੇ। ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਨੂੰ 1.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਨ੍ਹਾਂ ਲਾਭਪਾਤਰੀਆਂ ਨੂੰ ਚੈੱਕ ਸੌਂਪਣ ਲਈ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਸਾਰੇ ਤਬਕਿਆਂ ਖਾਸ ਕਰਕੇ ਆਰਥਿਕ ਤੌਰ ਉਤੇ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਤੋਂ ਪਹਿਲਾਂ ਦੇ ਮੁੱਖ ਮੰਤਰੀ ਤੇ ਮੰਤਰੀ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਦੇ ਸਨ ਪਰ ਉਨ੍ਹਾਂ ਦੀ ਸਰਕਾਰ ਸੂਬੇ ਦੇ ਖਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਉਤੇ ਖਰਚ ਰਹੀ ਹੈ। ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਤਾਂ ਪਹਿਲਾਂ ਵੀ ਨਹੀਂ ਹੁੰਦੀ ਸੀ ਪਰ ਸਮੇਂ ਦੀਆਂ ਸਰਕਾਰ ਕੋਲ ਦੂਰਅੰਦੇਸ਼ ਦੀ ਘਾਟ ਸੀ ਪਰ ਉਨ੍ਹਾਂ ਦੀ ਸਰਕਾਰ ਸਾਰੇ ਫੰਡ ਲੋਕਾਂ ਦੀ ਭਲਾਈ ਲਈ ਵਰਤੇਗੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲ਼ੀਆਂ ਸਰਕਾਰਾਂ ਸਮੇਂ ਇਹ ਫੰਡ ਭ੍ਰਿਸ਼ਟ ਨੇਤਾਵਾਂ ਦੀਆਂ ਜੇਬਾਂ ਵਿਚ ਜਾਂਦੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿਚ ਸਫਾਈ ਅਤੇ ਹੋਰ ਕੰਮਾਂ ਲਈ ਸੂਬਾ ਸਰਕਾਰ ਵੱਲੋਂ ਹਰੇਕ ਪੰਚਾਇਤ ਨੂੰ ਟਰੈਕਟਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਵੱਡੇ ਪਿੰਡਾਂ ਨੂੰ ਟਰੈਕਟਰ ਦਿੱਤੇ ਜਾਣਗੇ ਤਾਂ ਕਿ ਇਨ੍ਹਾਂ ਪਿੰਡਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕੰਮਾਂ ਤੋਂ ਇਲਾਵਾ ਇਹ ਟਰੈਕਟਰ ਖੇਤੀਬਾੜੀ ਮੰਤਵ ਲਈ ਬਿਨਾਂ ਟਰੈਕਟਰ ਵਾਲੇ ਕਿਸਾਨਾਂ ਲਈ ਮਦਦਗਾਰ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸਿੱਖਿਆ, ਸਿਹਤ ਤੇ ਰੋਜ਼ਗਾਰ ਸੈਕਟਰਾਂ ਉਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਗੁਰਪ੍ਰੀਤ ਬੱਸੀ ਗੋਗੀ, ਦਲਜੀਤ ਸਿੰਘ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਹਰਦੀਪ ਸਿੰਘ ਮੁੰਡੀਆਂ, ਜਗਤਾਰ ਸਿੰਘ ਦਿਆਲਪੁਰਾ ਅਤੇ ਹਾਕਮ ਸਿੰਘ ਠੇਕੇਦਾਰ, ਚੇਅਰਮੈਨ ਨਵਜੋਤ ਸਿੰਘ ਜਰਗ ਅਤੇ ਸੁਰੇਸ਼ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ, ਡਾ.ਕੇਐਸ. ਕੰਗ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।