ਲੁਧਿਆਣਾ : ਖੇਡਾਂ ਜਿੱਥੇ ਵਿਅਕਤੀ ਦੇ ਚਰਿੱਤਰ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਉੱਥੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਟੀਮ ਭਾਵਨਾ, ਅਨੁਸ਼ਾਸਨ, ਅਗਵਾਈ ਅਤੇ ਸਖ਼ਤ ਮਿਹਨਤ ਕਰਨਾ ਵੀ ਸਿਖਾਉਂਦੀਆਂ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਥ ਇਨ ਅਰਬਨ ਗਵਰਨੈਂਸ (ਯੁੱਗ) ਪ੍ਰੋਗਰਾਮ ਤਹਿਤ ਲੁਧਿਆਣਾ ਕੇਅਰਜ਼ ਲੇਡੀਜ਼ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਾਸਕਟਬਾਲ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਕੀਤਾ
ਸ੍ਰੀਮਤੀ ਮਲਿਕ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਵਪੱਖੀ ਸ਼ਖਸੀਅਤ ਦੇ ਵਿਕਾਸ ਲਈ ਖੇਡਾਂ ਨਾਲ ਜੋੜਨ ਦਾ ਇਹ ਪਹਿਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਪੰਜਾਬੀ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਜੋ ਉਨ੍ਹਾਂ ਨੂੰ ਆਪਣੇ ਜੀਵਨ ਨੂੰ ਸਫਲਾ ਬਣਾਉਣ ਵਿੱਚ ਸਹਾਈ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਖੇਤਰ ਦੇ ਅੰਬੈਸਡਰ ਬਣਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੂਬੇ ਦੇ ਨੌਜਵਾਨਾਂ ਦੀ ਬਿਹਤਰੀ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ‘ਤੇ ਬਾਸਕਟਬਾਲ ਦੇ ਦਿੱਗਜ ਖਿਡਾਰੀ ਰਹੇ ਤੇਜਾ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਪ੍ਰਮਾਣਿਤ ਕੋਚਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਕੇਅਰਜ਼ ਲੇਡੀਜ਼ ਸੋਸਾਇਟੀ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਚਤਰ ਸਿੰਘ ਪਾਰਕ ਵਿਖੇ ਬਾਸਕਟਬਾਲ ਕੋਰਟ ਸਥਾਪਿਤ ਕਰਕੇ ਇਨ੍ਹਾਂ ਵਿਦਿਆਰਥੀਆਂ ਲਈ ਪ੍ਰਮਾਣਿਤ ਪੁਰਸ਼ ਅਤੇ ਮਹਿਲਾ ਕੋਚ ਪ੍ਰਾਪਤ ਕਰਕੇ ਮੁਫ਼ਤ ਕੋਚਿੰਗ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਸ੍ਰੀਮਤੀ ਮਲਿਕ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਵਿੱਚ ਸਹਿਯੋਗ ਦੇਣ ਲਈ ਤੇਜਾ ਸਿੰਘ ਧਾਲੀਵਾਲ ਅਤੇ ਲੁਧਿਆਣਾ ਕੇਅਰਜ਼ ਲੇਡੀਜ਼ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਜਵੱਦੀ, ਅੰਬੇਦਕਰ ਅਤੇ ਝੂਲੇਵਾਲ ਸਕੂਲ ਮਾਡਲ ਟਾਊਨ ਵਿੱਚ ਯੁੱਗ ਅਧੀਨ 2 ਮਹੀਨਿਆਂ ਦੇ ਸਮਰ ਕੈਂਪ ਲਈ 47 ਵਿਦਿਆਰਥੀਆਂ ਨੂੰ ਕੋਚਿੰਗ ਲਈ ਸਰਟੀਫਿਕੇਟ ਦਿੱਤੇ ਗਏ।
ਫਾਈਨਲ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਮਲਟੀ ਪਰਪਜ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦਰਮਿਆਨ ਖੇਡਿਆ ਗਿਆ ਅਤੇ ਤੇਜਾ ਸਿੰਘ ਧਾਲੀਵਾਲ ਰੋਲਿੰਗ ਟਰਾਫੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀ ਪਰਪਜ ਸਕੂਲ ਨੂੰ ਦਿੱਤੀ ਗਈ। ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਚਤਰ ਸਿੰਘ ਪਾਰਕ ਵਿਖੇ ਮੁਫਤ ਕੋਚਿੰਗ ਜਾਰੀ ਰਹੇਗੀ ਜਿੱਥੇ ਪ੍ਰਮਾਣਿਤ ਪੁਰਸ਼ ਅਤੇ ਮਹਿਲਾ ਕੋਚ ਮੌਜੂਦ ਹਨ। ਤੇਜਾ ਸਿੰਘ ਧਾਲੀਵਾਲ ਇਸ ਕੋਚਿੰਗ ਸੈਂਟਰ ਦੀ ਸਥਾਪਨਾ ਦੇ ਮੁੱਖ ਪ੍ਰੇਰਕ ਅਤੇ ਸਰਪ੍ਰਸਤ ਹਨ। ਉਨ੍ਹਾਂ ਦੇ ਨਿਰੰਤਰ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਬਾਸਕਟਬਾਲ ਦੀ ਇਸ ਸਿਖਲਾਈ ਨੂੰ ਸਫਲਤਾਪੂਰਵਕ ਚਲਾਉਣ ਦੇ ਯੋਗ ਹੋ ਰਿਹਾ ਹੈ। ਇਸ ਮੌਕੇ ਡੀ.ਈ.ਓ. (ਸੈਕੰਡਰੀ) ਡਿੰਪਲ ਮਦਾਨ ਅਤੇ ਡੀ.ਐਸ.ਓ. ਰੁਪਿੰਦਰ ਸਿੰਘ ਵੀ ਹਾਜ਼ਰ ਸਨ।