ਲੁਧਿਆਣਾ : ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਇੱਕ ਹਫ਼ਤੇ ਮਗਰੋਂ ਵੀ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਪਿਛਲੇ ਦਿਨੀਂ ਪੌਂਗ ਡੈਮ ਤੋਂ ਦੂਜੀ ਵਾਰ ਪਾਣੀ ਛੱਡਣ ਤੋਂ ਬਾਅਦ ਬਿਆਸ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਪਰ ਬਿਆਸ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਸਥਿਤੀ ਕਾਬੂ ਹੇਠ ਹੈ। ਘੱਗਰ ਦੇ ਕੰਢੇ ਵਸੇ ਪਿੰਡਾਂ ਵਿੱਚ ਅੱਜ ਵੀ ਹੜ੍ਹਾਂ ਕਾਰਨ ਲੋਕ ਪ੍ਰੇਸ਼ਾਨ ਹਨ। ਜਿਨ੍ਹਾਂ ਖੇਤਾਂ ਵਿੱਚ ਪਾਣੀ ਨਿਕਲ ਗਿਆ ਹੈ, ਉੱਥੇ ਚਿੱਕੜ ਹੋ ਗਿਆ ਹੈ। ਕਿਸਾਨ ਸੂਬਾ ਸਰਕਾਰ ਤੋਂ ਰਾਹਤ ਪੈਕੇਜ ਦੀ ਉਡੀਕ ਕਰ ਰਹੇ ਹਨ, ਤਾਂ ਜੋ ਕਿਸਾਨ ਹੋਰ ਤਿਆਰੀਆਂ ਕਰ ਸਕਣ।
ਘੱਗਰ ਅਤੇ ਸਤਲੁਜ ਦਾ ਪਾਣੀ ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਭੇਜਿਆ ਜਾਂਦਾ ਸੀ ਪਰ ਪਾਣੀ ਕਾਰਨ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਇਸ ਸਥਿਤੀ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਸਰਹੱਦ ਦੀ ਰਾਖੀ ਵਿੱਚ ਲੱਗੇ ਹੋਏ ਹਨ। ਬੀਤੀ ਸ਼ਾਮ ਫਿਰੋਜ਼ਪੁਰ ਦੇ ਪਿੰਡ ਨੱਥੂਵਾਲਾ ਵਿੱਚ ਤੂਫ਼ਾਨ ਆਇਆ। ਇਸ ਦਾ ਆਕਾਰ ਇੰਨਾ ਵੱਡਾ ਤਾਂ ਨਹੀਂ ਸੀ, ਪਰ ਇਹ ਆਪਣੇ ਅੰਦਰ ਹਲਕੀ ਜਿਹੀਆਂ ਚੀਜ਼ਾਂ ਨੂੰ ਸਮਾਉਂਦਾ ਵੇਖਿਆ ਗਿਆ।