ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਅੱਜ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਸਥਾਪਿਤ ਅਜਾਇਬ ਘਰਾਂ ਦਾ ਦੌਰਾ ਕੀਤਾ । ਜ਼ਿਕਰਯੋਗ ਹੈ ਕਿ ਪੀ.ਏ.ਯੂ. ਵਿੱਚ 16-18 ਅਕਤੂਬਰ ਤੱਕ ਖੇਤੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਅਜਾਇਬ ਘਰਾਂ ਸੰਬੰਧੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ । ਹਰ ਤਿੰਨ ਸਾਲ ਬਾਅਦ ਹੋਣ ਵਾਲੀ ਇਸ ਕਾਨਫਰੰਸ ਦਾ 20ਵੇਂ ਅੰਕ ਦੀ ਮੇਜ਼ਬਾਨੀ ਪੀ.ਏ.ਯੂ. ਨੂੰ ਸੌਂਪੀ ਗਈ ਹੈ ।
ਪੀ.ਏ.ਯੂ. ਵਾਈਸ ਚਾਂਸਲਰ ਨੇ ਉੱਚ ਅਧਿਕਾਰੀਆਂ ਦੀ ਇੱਕ ਟੀਮ ਨਾਲ ਅੱਜ ਸੰਚਾਰ ਕੇਂਦਰ ਦੇ ਹਰੀ ਕ੍ਰਾਂਤੀ ਅਜਾਇਬ ਘਰ, ਕੀਟ ਵਿਗਿਆਨ ਵਿਭਾਗ ਦੇ ਕੀਟ ਅਜਾਇਬ ਘਰ, ਜੁਆਲੋਜੀ ਵਿਭਾਗ ਦੇ ਜੈਵਿਕ ਵਿਕਾਸ ਅਜਾਇਬ ਘਰ, ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ, ਸਾਇਲ ਮਿਊਜ਼ੀਅਮ, ਖੇਤੀ ਬਾਇਓਤਕਾਨਲੋਜੀ ਸਕੂਲ, ਪਲਾਂਟ ਬਰੀਡਿੰਗ
ਜੈਨੇਟਿਕਸ ਵਿਭਾਗ ਦੇ ਫ਼ਸਲ ਅਜਾਇਬ ਘਰ, ਯੂਨੀਵਰਸਿਟੀ ਲਾਇਬ੍ਰੇਰੀ ਦੇ ਅਜਾਇਬ ਘਰ, ਧਰਤੀ, ਪਾਣੀ ਅਤੇ ਊਰਜਾ ਸਰੋਤਾਂ ਬਾਰੇ ਡਾ. ਉੱਪਲ ਮਿਊਜ਼ੀਅਮ ਤੋਂ ਇਲਾਵਾ ਫਾਰਮ ਮਸ਼ੀਨਰੀ ਪਾਵਰ ਇੰਜਨੀਅਰਿੰਗ ਵਿਭਾਗ ਦੇ ਅਜਾਇਬ ਘਰ ਦਾ ਦੌਰਾ ਕੀਤਾ ।
ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੀ ਖੇਤੀ ਵਿਰਾਸਤ ਨੂੰ ਆਪਣੇ ਅਜਾਇਬ ਘਰਾਂ ਵਿੱਚ ਸੰਭਾਲਿਆ ਹੋਇਆ ਹੈ । ਉਹਨਾਂ ਕਿਹਾ ਕਿ ਸੰਚਾਰ ਕੇਂਦਰ ਦੇ ਹਰੀ ਕ੍ਰਾਂਤੀ ਮਿਊਜ਼ੀਅਮ ਨੇ ਪੰਜਾਬ ਦੀ ਖੇਤੀ ਵਿੱਚ ਹਰੀ ਕ੍ਰਾਂਤੀ ਦੇ ਯੋਗਦਾਨ ਦਾ ਦਸਤਾਵੇਜੀਕਰਨ ਕੀਤਾ ਹੈ । ਇਸ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਵੰਡ ਤੋਂ ਬਾਅਦ ਪੰਜਾਬ ਦੇ ਵਿਕਾਸ ਵਿੱਚ ਖੇਤੀਬਾੜੀ ਦਾ ਜੋ ਢਾਂਚਾ ਵਿਗਸਿਆ ਉਸ ਵਿੱਚ ਪੀ.ਏ.ਯੂ. ਨੇ ਕਿੰਨਾ ਭਰਪੂਰ ਯੋਗਦਾਨ ਪਾਇਆ ।
ਇਸੇ ਤਰ੍ਹਾਂ ਉਹਨਾਂ ਨੇ ਸਮਾਜਿਕ ਇਤਿਹਾਸ ਦੇ ਪੇਂਡੂ ਅਜਾਇਬ ਘਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਅਜਾਇਬ ਘਰ ਪੀ.ਏ.ਯੂ. ਦੀ ਵੱਖਰੀ ਦਿੱਖ ਸਥਾਪਿਤ ਕਰਦਾ ਹੈ ਅਤੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਨੇ ਇਸ ਨੂੰ ਵਿਸ਼ੇਸ਼ ਦਰਜਾ ਦਿੱਤਾ ਹੈ । ਉਹਨਾਂ ਕਿਹਾ ਕਿ ਪੇਂਡੂ ਜੀਵਨ ਦੀ ਦਸ਼ਾ ਅਤੇ ਦਿਸ਼ਾ ਨੂੰ ਇਸ ਅਜਾਇਬ ਘਰ ਦੀਆਂ ਕਲਾਕਿ੍ਰਤਾਂ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ ।
ਡਾ. ਉੱਪਲ ਅਜਾਇਬ ਘਰ ਸੰਬੰਧੀ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਅਜਾਇਬ ਘਰ ਦੀ ਦਿੱਖ ਸਜੀਵ ਅਤੇ ਸਮੂਰਤ ਅਕਾਰਾਂ ਕਾਰਨ ਵੱਖਰੀ ਹੈ । ਉੱਤਰੀ ਭਾਰਤ ਦੀ ਭੂਗੋਲਿਕ ਸਥਿਤੀ ਨੂੰ ਸਮਝਣ ਲਈ ਇਸ ਅਜਾਇਬ ਘਰ ਨੂੰ ਬੇਹੱਦ ਵਿਲੱਖਣ ਤਰੀਕੇ ਨਾਲ ਵਿਉਂਤਿਆ ਗਿਆ ਹੈ । ਪਲਾਂਟ ਬਰੀਡਿੰਗ ਵਿਭਾਗ ਦੇ ਫ਼ਸਲ ਮਿਊਜ਼ੀਅਮ ਸੰਬੰਧੀ ਡਾ. ਗੋਸਲ ਨੇ ਕਿਹਾ ਕਿ ਇੱਥੇ ਪੰਜਾਬ ਦੀਆਂ ਉਹਨਾਂ ਕਿਸਮਾਂ ਦੇ ਨਮੂਨੇ ਸੰਭਾਲੇ ਹੋਏ ਹਨ ਜਿਨ੍ਹਾਂ ਨਾਲ ਖੇਤੀਬਾੜੀ ਦੀ ਤਰੱਕੀ ਨੂੰ ਸਮਜਿਆ ਜਾ ਸਕਦਾ ਹੈ ।
ਇਸੇ ਤਰ੍ਹਾਂ ਉਹਨਾਂ ਨੇ ਕੀਟ ਵਿਗਿਆਨ ਵਿਭਾਗ ਵਿੱਚ ਕੀਟਾਂ ਦੇ ਨਮੂਨੇ ਸੰਭਾਲਣ ਵਾਲੇ ਅਜਾਇਬ ਘਰ ਅਤੇ ਸਾਇਲ ਮਿਊਜ਼ੀਅਮ ਵਿੱਚ ਪੰਜਾਬ ਦੇ ਮਿੱਟੀ ਸਰੋਤ ਨੂੰ ਪ੍ਰਦਰਸ਼ਿਤ ਕਰਦੇ ਅਜਾਇਬ ਘਰ ਨੂੰ ਦੇਖਿਆ । ਡਾ. ਗੋਸਲ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਡਾ. ਖੁਸ਼ ਮਿਊਜ਼ੀਅਮ ਅਤੇ ਖੇਤੀ ਮਸ਼ੀਨਰੀ ਦੇ ਬਦਲਦੇ ਰੂਪਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਅਜਾਇਬ ਘਰ ਸਥਾਪਿਤ ਕੀਤੇ ਜਾਣ ਦੀ ਯੋਜਨਾ ਹੈ ।