ਲੁਧਿਆਣਾ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਅਧਿਆਪਕਾਂ ਅਤੇ ਸਕੂਲ ਪ੍ਰਮੁੱਖਾਂ ਨੂੰ ਗੈਰ-ਵਿੱਦਿਅਕ ਕਾਰਜਾਂ ਤੋਂ ਮੁਕਤ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਭਾਵ ਪੰਜਾਬ ’ਚ ਹੁਣ ਉਹ ਦਿਨ ਦੂਰ ਨਹੀਂ, ਜਦ ਅਧਿਆਪਕ ਕੇਵਲ ਸਕੂਲਾਂ ’ਚ ਪੜ੍ਹਾਉਣ ਦੀ ਡਿਊਟੀ ਹੀ ਕਰਦੇ ਦਿਖਾਈ ਦੇਣਗੇ।
ਇਸੇ ਲੜੀ ਅਧੀਨ ਪੰਜਾਬ ਸਰਕਾਰ ਨੇ ਸਰਕਾਰੀ ਸਕੂਲ ’ਚ ਕੈਂਪਸ ਮੈਨੇਜਰਾਂ ਦੀ ਨਿਯੁਕਤ ਕਰਨ ਲਈ ਕਦਮ ਵਧਾਏ ਹਨ। ਕੈਂਪਸ ਮੈਨੇਜਰਾਂ ਦੀ ਨਿਯੁਕਤੀ ਕੇਵਲ ਅਸਥਾਈ ਤੌਰ ’ਤੇ ਹੋਵੇਗੀ, ਘੱਟ ਤੋਂ ਘੱਟ ਕੈਟਾਗਿਰੀ-ਸੀ ਤੋਂ ਰਿਟਾਇਰ ਹੋਣ ਵਾਲੇ ਅਨੁਭਵੀ ਉਮੀਦਵਾਰ ਨੂੰ ਹੀ ਇਸ ਅਹੁਦੇ ’ਤੇ ਲਗਾਇਆ ਜਾਣਾ ਹੈ। ਕੈਂਪਸ ਮੈਨੇਜਰਾਂ ਨੂੰ ਨਿਯੁਕਤੀ ਵਾਲੇ ਸਕੂਲ ਦੇ ਨਾਲ ਕਲਸਟਰ ਸਕੂਲਾਂ ’ਚ ਵੀ ਸਾਰੇ ਕਾਰਜ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਡਿਊਟੀ ਵਾਲੇ ਸਕੂਲ ਦੇ ਨਾਲ ਕਲਸਟਰ ਸਕੂਲਾਂ ’ਚ ਚੱਲ ਰਹੇ ਸਿਵਲ ਵਰਕਸ ਦੇ ਕਾਰਜਾਂ ਦਾ ਨਿਰੀਖਣ ਕਰਨ ਦੇ ਨਾਲ ਇਸ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਦੀ ਜ਼ਿੰਮੇਵਾਰੀ ਵੀ ਮੈਨੇਜਰਾਂ ਦੀ ਹੋਵੇਗੀ। ਸਕੂਲਾਂ ਦੇ ਖੇਡ ਮੈਦਾਨਾਂ, ਕਲਾਸਾਂ ਅਤੇ ਸਕੂਲ ਕੈਂਪਸ ਦੇ ਇਨਫ੍ਰਸਟਰਕਚਰ ਦੇ ਨਾਲ ਬਿਜਲੀ, ਪਾਣੀ ਦੇ ਪ੍ਰਬੰਧਾਂ, ਮਿਡ ਡੇ ਮੀਲ ਦੀ ਜ਼ਿੰਮੇਵਾਰੀ ਵੀ ਕੈਂਪਸ ਮੈਨੇਜਰਾਂ ਦੇ ਮੋਢਿਆਂ ’ਤੇ ਹੋਵੇਗਾ।