ਲੁਧਿਆਣਾ : ਪੀ.ਏ.ਯੂ. ਵਿੱਚ ਪੌਦਾ ਰੋਗ ਵਿਗਿਆਨ ਦੇ ਖੇਤਰ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਤਪਿਸ਼ ਪਵਾਰ ਦੀ ਚੋਣ ਅਮਰੀਕਾ ਦੀ ਦੱਖਣੀ ਡੈਕੋਟਾ ਰਾਜ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਵਿਸ਼ੇ ਸੰਬੰਧੀ ਖੋਜ ਨੂੰ ਅਮਰੀਕਾ ਦੀ ਉਸ ਯੂਨੀਵਰਸਿਟੀ ਵਿੱਚ ਰਹਿ ਕੇ ਨੇਪਰੇ ਚੜਾਏਗਾ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਤਪਿਸ਼ ਪਵਾਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਉਸਦੀ ਨਿੱਜੀ ਮਿਹਨਤ ਤਾਂ ਝਲਕਦੀ ਹੀ ਹੈ, ਨਾਲ ਹੀ ਪੀ.ਏ.ਯੂ. ਦੀ ਸਿੱਖਿਆ ਅਤੇ ਖੋਜ ਮਿਆਰਾਂ ਦੀ ਪ੍ਰਮਾਣਿਕਤਾ ਵੀ ਸਿੱਧ ਹੁੰਦੀ ਹੈ । ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਡਾ. ਪ੍ਰਭਜੋਧ ਸਿੰਘ ਸੰਧੂ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।