ਲੁਧਿਆਣਾ : ਮੋਟਾ ਵਿਆਜ ਦੇਣ ਦਾ ਲਾਲਚ ਦੇਣ ਵਾਲੀ ਕੰਪਨੀ ਦੇ ਅਧਿਕਾਰੀਆਂ ਖਿਲਾਫ ਥਾਣਾ ਸਦਰ ਦੀ ਪੁਲਿਸ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਸਿੰਘਾਨੀਆ, ਅਤੁਲ ਕੁਮਾਰ ਤੇ ਅਫਤਾਜ ਆਲਮ ਵਜੋਂ ਹੋਈ ਹੈ। ਪੁਲਿਸ ਨੇ ਇਹ ਮੁਕੱਦਮਾ ਧਾਂਦਰਾ ਰੋਡ ਦੇ ਰਹਿਣ ਵਾਲੇ ਇੰਦਰਜੀਤ ਵਰਮਾ ਦੀ ਸ਼ਿਕਾਇਤ ‘ਤੇ ਦਰਜ ਕੀਤਾ।
ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਇੰਦਰਜੀਤ ਵਰਮਾ ਨੇ ਦੱਸਿਆ ਕਿ ਉਕਤ ਕੰਪਨੀ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਕੇ ਐਫਡੀ ਬੇਸ ‘ਤੇ ਲੋਕਾਂ ਨੂੰ ਜ਼ਿਆਦਾ ਵਿਆਜ ਦੇਣ ਦੀ ਗੱਲ ਕਰਦੀ ਸੀ। ਸਾਲ 2012 ਤੋਂ ਇੰਦਰਜੀਤ ਵਰਮਾ ਨੇ ਕੰਪਨੀ ਵਿੱਚ ਪੈਸੇ ਲਗਾਏ। ਪੂਰਾ ਸਮਾਂ ਹੋਣ ‘ਤੇ ਕੰਪਨੀ ਰਕਮ ਵਾਪਸ ਕਰ ਦਿੰਦੀ ਸੀ। ਸਾਲ 2018 ਤਕ ਇੰਦਰਜੀਤ ਵਰਮਾ ਨੂੰ ਜੋ ਵੀ ਪੈਸੇ ਆਉਂਦੇ ਰਹੇ ਉਹ ਦੁਬਾਰਾ ਤੋਂ ਕੰਪਨੀ ‘ਚ ਜਮ੍ਹਾਂ ਕਰਵਾ ਦਿੰਦੇ ਸਨ। ਵਰਮਾ ਨੇ ਦੱਸਿਆ ਕਿ ਸਾਲ 2019 ਤੋਂ ਕੰਪਨੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ।
ਵਰਮਾ ਨੇ ਦੱਸਿਆ ਕਿ ਕੰਪਨੀ ਨੇ 150 ਲੋਕਾਂ ਦੇ ਪੈਸੇ ਰੋਕ ਕੇ ਕਰੋੜਾਂ ਰੁਪਏ ਆਪਣੇ ਕੋਲ ਜਮ੍ਹਾਂ ਕਰ ਲਏ। ਸ਼ਿਕਾਇਤਕਰਤਾ ਦੇ ਮੁਤਾਬਕ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਸਮੇਤ ਹੋਰ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਮਾਮਲੇ ਸਬੰਧੀ 12 ਜੁਲਾਈ 2021 ਨੂੰ ਵਰਮਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ। ਤਕਰੀਬਨ ਦੋ ਸਾਲ ਤੱਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਧੋਖਾਧੜੀ ਅਤੇ ਅਮਾਨਤ ‘ਚ ਖਿਆਨਤ ਰਹੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।