ਭਾਰ ਵਧਣਾ ਅੱਜ ਕੱਲ ਬਹੁਤ ਸਾਰੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਸ ਨੂੰ ਘਟਾਉਣ ਲਈ ਬਹੁਤ ਸਾਰੇ ਲੋਕ ਜਿੰਮ, ਕਸਰਤ ਅਤੇ ਵੱਖ-ਵੱਖ ਡਾਇਟ ਨੂੰ ਫੋਲੋ ਕਰਦੇ ਹਨ। ਪਰ ਇਸ ਨੂੰ ਘਟਾਉਣ ਲਈ ਤੁਸੀਂ ਆਪਣੀ ਰਸੋਈ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਪੋਸ਼ਕ ਤੱਤਾਂ ਨਾਲ ਭਰਪੂਰ ਲਸਣ ਦੀ ਵਰਤੋਂ ਭਾਰ ਘਟਾਉਣ ਲਈ ਕੀਤੀ ਜਾ ਸਕਦੀ ਹੈ।
ਇੱਕ ਖੋਜ ਦੇ ਅਨੁਸਾਰ ਲਸਣ ਦੇ ਅਰਕ ਨਾਲ ਕੁੱਝ ਔਰਤਾਂ ਨੂੰ ਆਪਣਾ ਭਾਰ ਘਟਾਉਣ ਵਿੱਚ ਸਹਾਇਤਾ ਮਿਲੀ। ਇਸ ਤੋਂ ਇਲਾਵਾ ਲਗਭਗ 8 ਹਫ਼ਤਿਆਂ ਲਈ ਚੂਹਿਆਂ ਨੂੰ ਲਸਣ ਖਿਲਾਉਣ ਨਾਲ ਉਨ੍ਹਾਂ ਦਾ ਭਾਰ ਘੱਟ ਅਤੇ ਸਰੀਰ ‘ਚ ਫੈਟ ਦੀ ਮਾਤਰਾ ਘੱਟ ਪਾਈ ਗਈ। ਤਾਂ ਆਓ ਜਾਣਦੇ ਹਾਂ ਲਸਣ ਨੂੰ ਕਿਹੜੇ 3 ਤਰੀਕਿਆਂ ਨਾਲ ਭਾਰ ਘਟਾਉਣ ਲਈ ਵਰਤਿਆ ਜਾ ਸਕਦਾ ਹੈ।
ਲਸਣ ਦੀਆਂ 2-3 ਕਲੀਆਂ ਨੂੰ ਪੀਸ ਕੇ 1 ਗਲਾਸ ਗਰਮ ਪਾਣੀ ‘ਚ ਮਿਲਾਕੇ 15-20 ਮਿੰਟ ਲਈ ਇਕ ਪਾਸੇ ਰੱਖ ਦਿਓ। ਤਾਂ ਕਿ ਲਸਣ ਪਾਣੀ ਵਿਚ ਚੰਗੀ ਤਰ੍ਹਾਂ ਮਿਲ ਜਾਵੇ। ਬਾਅਦ ‘ਚ 1 ਵੱਡਾ ਚਮਚ ਨਿੰਬੂ ਦਾ ਰਸ ਮਿਲਾਕੇ ਸਵੇਰੇ ਖਾਲੀ ਪੇਟ ਪੀਓ।
1 ਗਲਾਸ ਪਾਣੀ ਵਿਚ ਲਸਣ ਦੀਆਂ 2-3 ਕਲੀਆਂ ਪਾ ਕੇ ਰਾਤ ਭਰ ਭਿਓ ਦਿਓ। ਤਿਆਰ ਪਾਣੀ ਨੂੰ ਛਾਣ ਕੇ ਉਸ ‘ਚ ਇਕ ਚੁਟਕੀ ਕਾਲੀ ਮਿਰਚ ਮਿਲਾ ਕੇ ਖਾਲੀ ਪੇਟ ਸੇਵਨ ਕਰੋ।
ਲਸਣ ਦੀਆਂ 2-3 ਕਲੀਆਂ ਨੂੰ ਛਿੱਲ ਕੇ ਪੀਸ ਲਓ। ਫਿਰ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਤਿਆਰ ਪੇਸਟ ਨੂੰ 15-20 ਮਿੰਟ ਲਈ ਇਕ ਪਾਸੇ ਰੱਖ ਦਿਓ। ਤਹਿ ਸਮੇਂ ਤੋਂ ਬਾਅਦ ਇਸ ਦਾ ਸੇਵਨ ਕਰੋ। ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕੇ ਨੂੰ ਅਪਣਾ ਕੇ ਆਪਣਾ ਭਾਰ ਘਟਾ ਸਕਦੇ ਹੋ। ਇਹ ਡ੍ਰਿੰਕ ਸਰੀਰ ਵਿਚ ਜਮ੍ਹਾ ਚਰਬੀ ਨੂੰ ਤੇਜ਼ੀ ਨਾਲ ਘਟਾਉਣ ਵਿਚ ਮਦਦ ਕਰਦੇ ਹਨ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ
ਲਸਣ ਦਾ ਜ਼ਿਆਦਾ ਸੇਵਨ ਕਰਨ ਨਾਲ ਐਸੀਡਿਟੀ, ਬਦਹਜ਼ਮੀ, ਮਤਲੀ, ਪੇਟ ਪਰੇਸ਼ਾਨੀ, ਸਾਹ ‘ਚ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇੱਕ ਦਿਨ ਵਿੱਚ 2-3 ਤੋਂ ਜ਼ਿਆਦਾ ਲਸਣ ਨਾ ਖਾਓ। ਜੇ ਤੁਸੀਂ ਭਾਰ ਘਟਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕੇ ਨੂੰ ਅਪਣਾ ਰਹੇ ਹੋ ਤਾਂ ਆਪਣੀ ਰੋਜ਼ਾਨਾ ਡਾਇਟ ‘ਚ ਲਸਣ ਦੀ ਮਾਤਰਾ ਨੂੰ ਘਟਾਓ। ਜੇ ਲਸਣ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਭਾਰ ਘਟਾਉਣ ਦੇ ਚੱਕਰ ‘ਚ ਇਸ ਨੂੰ ਖਾਣ ਦੀ ਗਲਤੀ ਨਾ ਕਰੋ।