ਲੁਧਿਆਣਾ : ਜੇ ਤੁਸੀਂ ਪਹਿਲੀ ਜੁਲਾਈ ਤੋਂ ਛੁੱਟੀਆਂ ਮਨਾਉਣ ਜਾਂ ਘੁੰਮਣ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ 20 ਫ਼ੀਸਦੀ ਜ਼ਿਆਦਾ ਪੈਸੇ ਖਰਚੇ ਪੈਣਗੇ। ਜਿਹੜਾ ਹਾਲੀਡੇਅ ਪੈਕੇਜ 30 ਜੂਨ ਤੱਕ ਇਕ ਲੱਖ ਰੁਪਏ ਦਾ ਮਿਲਦਾ ਹੈ, ਉਹ ਹੁਣ ਪਹਿਲੀ ਜੁਲਾਈ ਨੂੰ 20 ਫ਼ੀਸਦੀ ਟੈਕਸ ਕੁਲੈਕਸ਼ਨ ਐਟ ਸੋਰਸ (ਟੀਸੀਐੱਸ) ਲੱਗਣ ਨਾਲ ਇਕ ਲੱਖ 20 ਹਜ਼ਾਰ ਰੁਪਏ ’ਚ ਪਵੇਗਾ। ਕੇਂਦਰ ਵੱਲੋਂ ਇਹ ਕਰ ਪਹਿਲੀ ਵਾਰ ਲਾਇਆ ਗਿਆ ਹੈ।
ਜੇ ਕੋਈ ਵਿਅਕਤੀ ਵਿਦੇਸ਼ ਘੁੰਮਣ ਲਈ ਜਾਣ ਸਮੇਂ ਕਿਸੇ ਵਿਦੇਸ਼ੀ ਟੂਰ ਐਂਡ ਟ੍ਰੈਵਲ ਕੰਪਨੀ ਤੋਂ ਪੈਕੇਜ ਬੁੱਕ ਕਰਵਾਉਂਦਾ ਹੈ ਤਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ 7 ਲੱਖ ਰੁਪਏ ਤੱਕ ਦੀ ਅਦਾਇਗੀ ਕਰਨ ’ਤੇ ਕੋਈ ਵੀ ਕਰ ਨਹੀਂ ਲੱਗੇਗਾ। ਕੇਂਦਰ ਸਰਕਾਰ ਦੇ ਨਵੇਂ ਫ਼ਰਮਾਨ ਨਾਲ ਦੇਸ਼ ਦੀਆਂ ਟੂੁਰ ਐਂਡ ਟ੍ਰੈਵਲ ਕੰਪਨੀਆਂ ਦਾ ਕੰਮ ਪ੍ਰਭਾਵਿਤ ਹੋਵੇਗਾ ਤੇ ਵਿਦੇਸੀ ਕੰਪਨੀਆਂ ਲਈ ਵਰਦਾਨ ਸਾਬਤ ਹੋਵੇਗਾ।
ਮਾਈਕ੍ਰੋ ਐਂਡ ਸਮਾਲ ਟ੍ਰੈਵਲ ਏਜੰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਚਾਵਲਾ ਅਨੁਸਾਰ ਕੇਂਦਰ ਸਰਕਾਰ ਵੱਲੋਂ ਜੋ ਹਾਲੀਡੇਅ ਪੈਕਜਾਂ ’ਤੇ ਟੀਸੀਐੱਸ ਦਾ ਫਰਮਾਨ ਜਾਰੀ ਕੀਤਾ ਹੈ ਉਸ ਨਾਲ ਦੇਸੀ ਕੰਪਨੀਆਂ ਖਾਸ ਕਰ ਕੇ ਛੋਟੇ ਟ੍ਰੈਵਲ ਏਜੰਟਾਂ ਨੂੰ ਨੁਕਸਾਨ ਹੋਵੇਗਾ। ਟੀਸੀਐੱਸ ਫੌਰੀ ਵਾਪਸ ਲੈ ਕੇ ਟ੍ਰੈਵਲ ਏਜੰਟਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਜੇ ਰਾਹਤ ਨਾ ਦਿੱਤੀ ਗਈ ਤਾਂ ਉਹ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਉਣਗੇ।