ਲੁਧਿਆਣਾ : ਸਿਵਲ ਹਸਪਤਾਲ, ਲੁਧਿਆਣਾ ਵਿੱਚ ਦਾਖ਼ਲ ਮੱਧ ਪ੍ਰਦੇਸ਼ ਦੀਆਂ ਰਹਿਣ ਵਾਲੀਆਂ 9 ਲੜਕੀਆਂ ਵਿੱਚੋਂ 7 ਲੜਕੀਆਂ ਨੂੰ ਹਸਪਤਾਲ ਵੱਲੋਂ ਛੁੱਟੀ ਦੇ ਦਿੱਤੀ ਗਈ ਹੈ। ਛੁੱਟੀ ਮਿਲਣ ਉਪਰੰਤ ਲੜਕੀਆਂ ਮੱਧ ਪ੍ਰਦੇਸ਼ ਲਈ ਰਵਾਨਾ ਹੋ ਚੁੱਕੀਆਂ ਹਨ, ਜਦਕਿ ਦੋ ਲੜਕੀਆਂ ਦੀ ਅਜੇ ਵੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਸਿਹਤ ਅਧਿਕਾਰੀਆਂ ਵੱਲੋਂ 24 ਘੰਟੇ ਹੋਰ ਲੜਕੀਆਂ ਨੂੰ ਨਗਰਾਨੀ ਹੇਠ ਰੱਖਣ ਦੀ ਸੰਭਾਵਨਾ ਹੈ।
ਬੀਤੇ 17 ਜੂਨ ਨੂੰ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਸੂਬੇ ਦੇ ਹੋਣਹਾਰ 122 ਬੱਚਿਆਂ ਦੀ ਪੰਜਾਬ ਦੇ ਟੂਰ ਲਈ ਚੋਣ ਕੀਤੀ ਗਈ ਸੀ। ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ) ਜਲਿਆਂ ਵਾਲਾ ਬਾਗ, ਦੁਰਗਿਆਣਾ ਮੰਦਰ ਦੇ ਦਰਸ਼ਨਾ ਤੋਂ ਇਲਾਵਾ ਵਾਹਗਾ ਬਾਰਡਰ ਤੇ ਹੁਸੈਨੀਵਾਲਾ ਬਾਰਡਰ ਦਿਖਾਉਣ ਲਈ ਲਿਆਂਦਾ ਗਿਆ ਸੀ ਬੱਚਿਆਂ ਨੂੰ ਅੰਮ੍ਰਿਤਸਰ ਸਾਹਿਬ ਦੇ ਤਿੰਨ ਹੋਟਲਾਂ ਵਿੱਚ ਰੱਖਿਆ ਗਿਆ।
ਬੱਚਿਆਂ ਦਾ ਖਾਣਾ ਅੰਮ੍ਰਿਤਸਰ ਦੇ ਇਕ ਹੋਟਲ ਵਿੱਚੋਂ ਪੈਕ ਕਰਵਾਇਆ ਗਿਆ। ਸਵੇਰੇ ਬੱਚੇ ਪ੍ਰਬੰਧਕਾਂ ਦੇ ਨਾਲ ਸਾਢੇ ਅੱਠ ਵਜੇ ਅੰਮ੍ਰਿਤਸਰ ਤੋਂ ਮੱਧ ਪ੍ਰਦੇਸ਼ ਲਈ ਬੰਬੇ ਐਕਸਪ੍ਰੈਸ ਰੇਲ ਵਿੱਚ ਬੈਠੇ ਸਨ। ਜਲੰਧਰ ਦੇ ਰੇਲਵੇ ਸਟੇਸ਼ਨ ਨੇੜੇ ਬੱਚਿਆਂ ਨੂੰ ਬ੍ਰੇਕਫਾਸਟ ਦਿੱਤਾ ਗਿਆ ਜਿਉਂ ਹੀ ਬੱਚਿਆਂ ਨੇ ਬ੍ਰੇਕਫਾਸਟ ਕੀਤਾ ਬੱਚਿਆਂ ਦੀ ਸਿਹਤ ਅਚਾਨਕ ਵਿਗੜਣੀ ਸ਼ੁਰੂ ਹੋ ਗਈ। ਲੁਧਿਆਣਾ ਪਹੁੰਚਦੇ ਪਹੁੰਚਦੇ ਬੱਚਿਆਂ ਦੀ ਸਿਹਤ ਬਹੁਤ ਖਰਾਬ ਹੋਣ ਨਾਲ ਬੱਚਿਆਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ ।