ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਕਮਿਊਨਿਟੀ ਸਾਇੰਸ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨਾਲ ਮਿਲਕੇ ਇੰਡੀਅਨ ਐਸੋਸੀਏਸਨ ਆਫ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਅੰਤਰਰਾਸਟਰੀ ਯੋਗ ਦਿਵਸ ਦਿਵਸ ਮਨਾਇਆ |

ਯਾਦ ਰਹੇ ਕਿ ਯੋਗ ਦਿਵਸ 2023 ਨੂੰ ਹਰ ਆਂਗਨ ਯੋਗ ਦੇ ਰਾਸਟਰੀ ਟੀਚੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਦਿਨ ਵਸੁਦੈਵ ਕੁਟੁੰਬਕਮ ਥੀਮ ਤਹਿਤ ਪੂਰੀ ਧਰਤੀ ਦੇ ਲੋਕਾਂ ਨੂੰ ਇੱਕ ਪਰਿਵਾਰ ਮੰਨ ਕੇ ਸਾਂਝੀਵਾਰਤਾ ਦਾ ਸੁਨੇਹਾ ਦੇਣ ਦੇ ਉਦੇਸ਼ ਦਾ ਧਾਰਨੀ ਹੈ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਤਨ ਅਤੇ ਮਨ ਦੀ ਅਰੋਗਤਾ ਲਈ ਵਿਦਿਆਰਥੀਆਂ ਨੂੰ ਰੋਜਾਨਾ ਯੋਗਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ |

ਉਹਨਾਂ ਕਿਹਾ ਕਿ ਯੋਗਾ ਸਾਡੀ ਪਰੰਪਰਾ ਵਿੱਚ ਅਜਿਹੀ ਵਿਧੀ ਹੈ ਜੋ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ | ਯੋਗਾ ਸਰੀਰ ਦਾ ਸੰਪੂਰਨ ਅਭਿਆਸ ਹੈ ਜਿਸ ਨਾਲ ਖੁਸ਼ੀ ਅਤੇ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਦਿੱਤਾ ਜਾ ਸਕਦਾ ਹੈ |

ਸੰਸਕਾਰ ਯੋਗਸ਼ਾਲਾ ਲੁਧਿਆਣਾ ਤੋਂ ਪ੍ਰਸਿੱਧ ਯੋਗ ਨਿਗਰਾਨ ਸ਼੍ਰੀ ਸੁਮਿਤ ਨਾਗਪਾਲ ਨੇ ਇਸ ਮੌਕੇ ਬਹੁਤ ਹੀ ਦਿਲਚਸਪ ਸੈਸਨ ਦਾ ਸੰਚਾਲਨ ਕੀਤਾ| ਉਨ੍ਹਾਂ ਨੇ ’ਯੋਗਾ’ ਨੂੰ ’ਸਰੀਰ, ਮਨ ਅਤੇ ਆਤਮਾ’ ਦੇ ਸਬੰਧ ਦੇ ਤੌਰ ’ਤੇ ਦੇਖਣ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਸਿਰਫ ਇੱਕ ਸਰੀਰਕ ਕਸਰਤ ਨਹੀਂ ਬਲਕਿ ਮਨੁੱਖ ਹੋਣ ਦੀ ਪ੍ਰਕਿਰਿਆ ਹੈ |

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਸ਼ੈਸਨ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦੀ ਸਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ| ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਯੋਗਾ ਅਭਿਆਸ ਕਰਨ ਨਾਲ ਮਨ ਦੀ ਇਕਾਗਰਤਾ, ਯਾਦਦਾਸਤ ਅਤੇ ਆਤਮ ਵਿਸਵਾਸ ਵਿੱਚ ਵਾਧਾ, ਸਮਾਜਿਕ ਸਬੰਧਾਂ ਵਿੱਚ ਸੁਧਾਰ, ਚੰਗੀ ਨੀਂਦ ਅਤੇ ਜੀਵਨ ਪ੍ਰਤੀ ਸਮੁੱਚਾ ਸਕਾਰਾਤਮਕ ਰਵੱਈਆ ਪੈਦਾ ਹੋ ਸਕਦਾ ਹੈ|

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਮੌਕੇ ਕਿਹਾ ਕਿ ਚੰਗੇ ਪੋਸਣ ਅਤੇ ਯੋਗਾ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਸੰਤੁਲਿਤ ਕਰਨ ਲਈ ਕੰਮ ਕਰਦੇ ਹਨ | ਉਹਨਾਂ ਕਿਹਾ ਕਿ ਅਜੋਕੇ ਤਨਾਅ ਭਰੇ ਮਾਹੌਲ ਵਿੱਚ ਰੋਜ਼ਾਨਾ ਯੋਗਾ ਕਰਨ ਨਾਲ ਤਨਾਅ ਤੋਂ ਮੁਕਤੀ ਅਤੇ ਪਾਚਣ ਪ੍ਰਣਾਲੀ ਵਿੱਚ ਮਜ਼ਬੂਤੀ ਆਉਂਦੀ ਹੈ |

ਇਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਵਿੱਚ ਪੈਦਾ ਹੁੰਦੀ ਹੈ ਇਸਲਈ ਯੋਗਾ ਨੂੰ ਆਪਣੇ ਜੀਵਨ ਦਾ ਵਿਭਿੰਨ ਹਿੱਸਾ ਬਨਾਉਣ ਚਾਹੀਦਾ ਹੈ | ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਨੇ ਸੈਸਨ ਤੋਂ ਲਾਭ ਉਠਾਇਆ ਅਤੇ ਅਜਿਹੇ ਹੋਰ ਸੈਸਨਾਂ ਦੇ ਆਯੋਜਿਤ ਹੋਣ ਦੀ ਕਾਮਨਾ ਕੀਤੀ|