ਲੁਧਿਆਣਾ : ਗਾਰਡਨ ਟੂਲਜ਼ ਬਣਾਉਣ ਵਾਲੀ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਐਸ ਪੀ ਸਿੰਘ ਦੂਆ ਅਤੇ ਹਰਸਿਮਰਨ ਸਿੰਘ ਦੂਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਦੂਆ ਭਰਾਵਾਂ ਨੇ ਪੀਏਯੂ ਦੇ ਖੇਡ ਮੈਦਾਨਾਂ ਅਤੇ ਹੋਰਾਂ ਦੀ ਦੇਖਭਾਲ ਅਤੇ ਰੱਖ-ਰਖਾਅ ਲਈ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਰਾਹੀਂ ਯੂਨੀਵਰਸਿਟੀ ਨੂੰ ਖੇਡ ਮੈਦਾਨਾਂ ਦੇ ਰੱਖ ਰਖਾਅ ਲਈ ਔਜ਼ਾਰ ਭੇਂਟ ਕੀਤੇ।
ਕੰਪਨੀ ਦੇ ਪਰਉਪਕਾਰੀ ਉੱਦਮ ਦੀ ਸ਼ਲਾਘਾ ਕਰਦਿਆਂ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀਏਯੂ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇਸ ਨੂੰ ਸੁੰਦਰ ਦਿੱਖ ਦੇਣ ਲਈ ਖੇਡ ਮੈਦਾਨਾਂ ਅਤੇ ਬਗੀਚਿਆਂ ਦੀ ਨਿਯਮਤ ਸਾਂਭ-ਸੰਭਾਲ ਅਤੇ ਦੇਖਭਾਲ ਜ਼ਰੂਰੀ ਹੈ ਜੋ ਕਿ ਆਧੁਨਿਕ ਔਜ਼ਾਰਾਂ ਦੀ ਵਰਤੋਂ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀ ਏ ਯੂ ਨੂੰ ਸਭ ਤੋਂ ਸੁੰਦਰ ਕੈਂਪਸ ਦਾ ਐਵਾਰਡ ਵੀ ਬੀਤੇ ਸਾਲਾਂ ਵਿਚ ਮਿਲਿਆ ਹੈ।
ਰਾਮਗੜ੍ਹੀਆ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਪੀਏਯੂ ਸ਼ਹਿਰ ਦਾ ਦਿਲ ਹੈ ਅਤੇ ਇਸ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੀ ਲਹਿਰ ਸਾਡੇ ਸਾਰਿਆਂ ਲਈ ਲਾਹੇਵੰਦ ਹੋਵੇਗੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਨੇ ਕੰਪਨੀ ਦੇ ਮਾਲਕਾਂ ਦਾ ਉਨ੍ਹਾਂ ਦੇ ਉਪਕਾਰ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਬਿਨਾਂ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦਾ ਸਟਾਫ਼ ਵੀ ਹਾਜ਼ਰ ਸੀ।