ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਸਟਲ ਨੰਬਰ ਚਾਰ ਵਿੱਚ ਰਹਿੰਦੇ ਵਿਦਿਆਰਥੀਆਂ ਲਈ ਖੁਸ਼ੀ ਦਾ ਮੌਕਾ ਸੀ ਜਦੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਰਾਤ ਦਾ ਖਾਣਾ ਉਹਨਾਂ ਦੇ ਨਾਲ ਬੈਠ ਕੇ ਖਾਧਾ | ਖਾਣਾ ਖਾਣ ਤੋਂ ਬਾਅਦ ਡਾ. ਗੋਸਲ ਨੇ ਕਿਹਾ ਕਿ ਉਹਨਾਂ ਨੂੰ ਵਿਦਿਆਰਥੀ ਜੀਵਨ ਦੇ ਦਿਨ ਯਾਦ ਆਏ ਹਨ | ਉਹਨਾਂ ਕਿਹਾ ਕਿ ਹੋਸਟਲ ਦੀ ਜ਼ਿੰਦਗੀ ਵਿਦਿਆਰਥੀ ਦੇ ਜੀਵਨ ਦਾ ਅਹਿਮ ਪੜਾਅ ਹੈ |
ਡਾ. ਗੋਸਲ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਵਿੱਚ ਰਲ ਕੇ ਖਾਣਾ ਖਾਣ ਨੂੰ ਅਮੀਰ ਸੱਭਿਆਚਾਰਕ ਰੀਤ ਕਿਹਾ | ਉਹਨਾਂ ਕਿਹਾ ਕਿ ਖਾਣਾ ਖਾਣ ਸਮੇਂ ਪਰਿਵਾਰਕ ਮਾਹੌਲ ਦੀ ਉਸਾਰੀ ਲਈ ਹੋਸਟਲ ਦੇ ਵਿਦਿਆਰਥੀਆਂ ਨੂੰ ਇੱਕ ਦੂਜੇ ਨਾਲ ਆਪਣੀ ਸਾਂਝ ਪਕੇਰੀ ਕਰਨੀ ਚਾਹੀਦੀ ਹੈ | ਉਹਨਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਹੱਲ ਦਾ ਭਰੋਸਾ ਦਿਵਾਇਆ |ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵੀ ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ |