ਲੁਧਿਆਣਾ : ਸ਼ਹਿਰ ਵਿੱਚ ਨਗਰ ਨਿਗਮ ਲੁਧਿਆਣਾ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਨਾਜਾਇਜ਼ ਇਮਾਰਤਾਂ ’ਤੇ ਕਾਰਵਾਈ ਕੀਤੀ। ਇਸ ਦੌਰਾਨ ਬਿਲਡਿੰਗ ਬਰਾਂਚ ਦੀ ਟੀਮ ਵੱਲੋਂ ਨਗਰ ਨਿਗਮ ਜ਼ੋਨ-ਡੀ ਦੇ ਅਧੀਨ ਆਉਂਦੀਆਂ ਨਿਯਮਾਂ ਦੀਆਂ ਉਲੰਘਣਾ ਕਰਕੇ ਉਸਾਰੀਆਂ ਜਾ ਰਹੀਆਂ ਇਮਾਰਤਾਂ ਨੂੰ ਢਹਿ-ਢੇਰੀ ਕੀਤਾ ਗਿਆ। ਜਾਣਕਾਰੀ ਅਨੁਸਾਰ ਟੀਮ ਨੇ 6 ਇਮਾਰਤਾਂ ਨੂੰ ਜੇਸੀਬੀ ਮਸ਼ੀਨ ਨਾਲ ਢਾਹਿਆ ਅਤੇ 2 ਇਮਾਰਤਾਂ ਨੂੰ ਸੀਲ ਕਰ ਦਿੱਤਾ।
ਇਸ ਸਬੰਧੀ ਏਟੀਪੀ ਪ੍ਰਦੀਪ ਸਹਿਗਲ ਨੇ ਦੱਸਿਆ ਕਿ ਨਗਰ ਨਿਗਮ ਡੀ ਜ਼ੋਨ ਦੇ ਅਧੀਨ ਚੰਦਰ ਨਗਰ ਸਿਵਲ ਸਿਟੀ ਵਿੱਚ ਕੁਝ ਇਮਾਰਤਾਂ ਨਿਯਮਾਂ ਦੀਆਂ ਉਲੰਘਣਾ ਕਰਕੇ ਉਸਾਰੀਆਂ ਜਾ ਰਹੀਆਂ ਸਨ। ਜਿਨ੍ਹਾਂ ਨੂੰ ਰੋਕਣ ਦੇ ਲਈ ਨਗਰ ਨਿਗਮ ਵੱਲੋਂ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਹਨ, ਪਰ ਉਸ ਦੇ ਬਾਵਜੂਦ ਉਸਾਰੀ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਬਿਲਡਿੰਗ ਬਰਾਂਚ ਦੀ ਟੀਮ ਨੇ ਜੇਸੀਬੀ ਮਸ਼ੀਨ ਦੇ ਨਾਲ ਦੋਵੇਂ ਇਲਾਕਿਆਂ ਵਿੱਚ ਗਲਤ ਤਰੀਕੇ ਦੇ ਨਾਲ ਬਣ ਰਹੀਆਂ 6 ਬਿਲਡਿੰਗਾਂ ਢਾਹ ਦਿੱਤੀਆਂ।
ਇਸ ਤੋਂ ਇਲਾਵਾ ਬਾੜੇਵਾਲ ਰੋਡ ’ਤੇ ਵਪਾਰਕ ਬਣ ਰਹੀਆਂ 2 ਬਿਲਡਿੰਗਾਂ ਨੂੰ ਸੀਲ ਵੀ ਕਰ ਦਿੱਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਏ ਬਿਲਡਿੰਗਾਂ ਦੀ ਉਸਾਰੀ ਨਾ ਕਰਨ। ਕਿਉਂਕਿ ਨਗਰ ਨਿਗਮ ਵੱਲੋਂ ਕਿਸੇ ਵੀ ਹਾਲ ਵਿੱਚ ਬਿਲਡਿੰਗ ਬਾਈਲਾਜ਼ ਦਾ ਉਲੰਘਣ ਕਰਕੇ ਬਣੀਆਂ ਬਿਲਡਿੰਗਾਂ ਨੂੰ ਛੱਡਿਆ ਨਹੀਂ ਜਾਏਗਾ।