ਲੁਧਿਆਣਾ : ਲੁਧਿਆਣਾ ’ਚ ਹੋਈ 8 ਕਰੋੜ 49 ਲੱਖ ਰੁਪਏ ਦੀ ਲੁੱਟ ਮਾਮਲੇ ’ਚ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਹੁਣ ਪੁਲਿਸ ਦੀ FIR ’ਚ ਸਾਹਮਣੇ ਆਇਆ ਹੈ ਕਿ 10 ਜੂਨ ਦੀ ਰਾਤ ਨੂੰ ਤਕਰੀਬਨ 2 ਵਜੇ 8 ਤੋਂ 9 ਦੀ ਗਿਣਤੀ ’ਚ ਬੰਦੇ ਕੈਸ਼ ਵਾਲੇ ਕਮਰੇ ’ਚ ਦਾਖ਼ਲ ਹੁੰਦੇ ਹਨ। ਉਹਨਾਂ ਨੇ ਕਮਰੇ ’ਚ ਦਾਖ਼ਲ ਹੁੰਦਿਆ ਹੀ ਦੋਵੇਂ ਸਕਿਓਰਟੀ ਗਾਰਡਾਂ ਨੂੰ ਕਾਬੂ ਕਰ ਲਿਆ ਅਤੇ ਹਥਿਆਰ ਖੋਹ ਲਏ। ਪੁਲਿਸ ਦੀ ਜਾਣਕਾਰੀ ਅਨੁਸਾਰ ਲੁਟੇਰੇ ਮਾਰੂ ਹਥਿਆਰਾਂ ਨਾਲ ਲੈੱਸ ਸਨ, ਜਿਨ੍ਹਾਂ ਨੇ ਸਕਿਓਰਟੀ ਗਾਰਡ ਦੇ ਮੂੰਹ ’ਚ ਕੱਪੜਾ ਤੁੰਨ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ’ਚ ਲਾਲ ਮਿਰਚਾਂ ਪਾ ਕੇ ਸਰਵਰ ਰੂਮ ਵਿਚ ਬੰਦ ਕਰ ਦਿੱਤਾ ਅਤੇ ਸਰਵਰ ਰੂਮ ਵਿਚ ਲੱਗੇ ਕੈਮਰਿਆਂ ਦੀ ਰਿਕਾਡਿੰਗ ਵਾਲਾ ਡੀ.ਵੀ.ਆਰ ਪੁੱਟ ਲਿਆ ਅਤੇ ਚੁੰਬਕ ਵਾਲੇ ਤਾਲੇ ਦੀਆਂ ਤਾਰਾ ਪੁੱਟ ਕੇ ਕੈਸ਼ ਵਾਲੇ ਕਮਰੇ ਅੰਦਰ ਦਾਖਲ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਸ ਵੇਲੇ ਲੁਟੇਰੇ ਦਾਖ਼ਲ ਹੋਏ ਉਸ ਮੌਕੇ ਕਰਮਚਾਰੀ ਹਿੰਮਤ ਸਿੰਘ, ਹਰਮਿੰਦਰ ਸਿੰਘ ਅਤੇ ਦਿਲਬਾਗ ਸਿੰਘ ਨਕਦੀ ਗਿਣ ਰਹੇ ਸਨ। ਲੁਟੇਰਿਆਂ ਨੇ ਜ਼ਬਰਦਸਤੀ ਕਰਮਚਾਰੀਆਂ ਦੇ ਮੋਬਾਈਲ ਖੋਹ ਕੇ ਤੋੜ ਦਿੱਤੇ ਅਤੇ ਕੁੱਟ-ਮਾਰ ਕੀਤੀ।
ਪੁਲਿਸ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਜ਼ਰੂਰ ਕੀਤੀ ਗਈ ਹੋਵੇਗੀ। ਲੁਟੇਰਿਆਂ ਨੂੰ ਅਗਲੇ ਅਤੇ ਪਿਛਲੇ ਦੋਹਾਂ ਰਸਤਿਆਂ ਦਾ ਭੇਤ ਸੀ, ਇਸ ਤੋਂ ਇਲਾਵਾ ਉਹ ਕੰਪਨੀ ਦੇ ਦਫ਼ਤਰ ਤੋਂ ਵੀ ਪੂਰੀ ਤਰ੍ਹਾਂ ਜਾਣੂ ਸਨ। ਇਸ ਕਾਰਨ ਹੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸੀ. ਸੀ. ਟੀ. ਵੀ ਕੈਮਰੇ ਅਤੇ ਲੱਗੇ ਹੋਏ ਸੈਂਸਰ ਦੀਆਂ ਤਾਰਾਂ ਕੱਟ ਦਿੱਤੀਆ। ਤਾਂ ਜੋ ਘਟਨਾ ਵਾਪਰ ਜਾਣ ’ਤੇ ਕੋਈ ਅਲਾਰਮ ਆਦਿ ਨਾ ਵੱਜੇ।
ਹੈਰਾਨੀ ਦੀ ਗੱਲ ਹੈ ਕਿ ਲੁਟੇਰੇ ਕੰਪਨੀ ਦੀ ਹੀ ਗੱਡੀ ’ਚ ਫ਼ਰਾਰ ਹੋਏ ਸਨ। ਕੈਸ਼ ਲੁੱਟਣ ਤੋਂ ਬਾਅਦ ਜਿਸ ਕੈਸ਼ ਵੈਨ ’ਚ ਫ਼ਰਾਰ ਹੋਏ ਸਨ, ਉਸ ਵੈਨ ਨੂੰ ਲੁਧਿਆਣਾ ਦੇ ਨੇੜੇ ਮੁੱਲਾਂਪੁਰ ਦਾਖਾ ’ਚ ਛੱਡਕੇ ਅੱਗੇ ਲੰਘ ਗਏ। ਪੁਲਿਸ ਨੇ ਆਈ. ਪੀ. ਸੀ. ਜੀ ਧਰਾਵਾਂ 395, 342, 323, 506,427, 120ਬੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।