ਲੁਧਿਆਣਾ : ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਹਿੱਸੇ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਪੰਚ ਪ੍ਰਾਣਾਂ ਤੋਂ ਪ੍ਰੇਰਨਾ ਲੈ ਕੇ ਜ਼ਿਲ੍ਹਾ ਪੱਧਰੀ ‘ਯੁਵਾ ਉਤਸਵ’ ਦਾ ਆਯੋਜਨ ਕੀਤਾ ਗਿਆ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰੋਗਰਾਮ ਦਾ ਮੂਲ ਉਦੇਸ਼ ਯੁਵਾ ਸ਼ਕਤੀ ਦੀ ਭਾਵਨਾ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣਾ ਅਤੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਅੱਗੇ ਵਧ ਰਹੇ ਵੱਖ-ਵੱਖ ਸਮਾਗਮਾਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਕੇ ਦੇਸ਼ ਭਗਤੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੀਆਂ ਕਦਰਾਂ-ਕੀਮਤਾਂ ਦੀ ਭਾਵਨਾ ਨੂੰ ਮੁੜ ਜਗਾਉਣ ਦੀ ਗੱਲ ਕੀਤੀ.
ਇਸ ਮੌਕੇ ਦਵਿੰਦਰ ਸਿੰਘ ਲੋਟੇ, ਏ.ਡੀ., ਯੁਵਕ ਸੇਵਾਵਾਂ, ਪੰਜਾਬ, ਗੁਰਿੰਦਰ ਸਿੰਘ, ਐਮ.ਡੀ., ਜੀ.ਆਰ.ਡੀ. ਟਿਊਟੋਰੀਅਲ, ਚਰਨਜੀਤ ਸਿੰਘ, ਸਟੇਟ ਡਾਇਰੈਕਟਰ, ਆਰਸੇਟੀ ਪੰਜਾਬ ਤੋਂ ਇਲਾਵਾ ਹੋਰ ਵੀ ਉੱਘੀਆਂ ਸਖ਼ਸ਼ੀਅਤਾਂ ਮੌਜੂਦ ਸਨ। 15-29 ਸਾਲ ਦੀ ਉਮਰ ਦੇ 200 ਤੋਂ ਵੱਧ ਨੌਜਵਾਨਾਂ ਨੇ ਸਮਾਗਮ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਗ ਲਿਆ।
ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੁਵਾ ਅਫਸਰ ਰਸ਼ਮੀਤ ਕੌਰ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੁਵਾ ਉਤਸਵ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਜ਼ਵਾਨ ਲਈ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਹੈ ਅਤੇ ਇਹ ਵੀ ਦੱਸਿਆ ਕਿ ਪਹਿਲਾ ਇਨਾਮ ਜਿੱਤਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।
ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਨੌਜਵਾਨਾਂ ਦੀ ਜਾਣਕਾਰੀ ਅਤੇ ਲਾਭਹਿੱਤ ਸਟਾਲ ਲਗਾਏ ਸਨ ਜਿਸ ਵਿੱਚ ਜ਼ਿਲ੍ਹਾ ਰੋਜ਼ਗਾਰ ਬਿਊਰੋ, ਖੇਤੀਬਾੜੀ ਵਿਭਾਗ, ਡੀ.ਆਈ.ਸੀ., ਪੀ.ਐਮ.ਕੇ.ਵੀ.ਵਾਈ., ਆਰ.ਐਸ.ਈ.ਟੀ.ਆਈ. ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਬਾਜਰੇ ਬਾਰੇ ਜਾਗਰੂਕ ਕਰਨ ਲਈ ਬਾਜਰੇ ਦਾ ਸਮਰਪਿਤ ਸਟਾਲ ਵੀ ਲਗਾਇਆ ਗਿਆ।
ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਸਾਰੇ ਸਟਾਲਾਂ ਦਾ ਦੌਰਾ ਕੀਤਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਹਰੇਕ ਦੀ ਮਹੱਤਤਾ ਬਾਰੇ ਗੱਲ ਕੀਤੀ। ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਸਾਰਿਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਯੁਵਾ ਅਫ਼ਸਰ ਵਲੋਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਣੀ ਟੀਮ ਅਤੇ ਹੋਰ ਵੀ ਸਹਿਯੋਗੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।