ਲੁਧਿਆਣਾ : ਰੇਲਵੇ ਸਟੇਸ਼ਨ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਚੱਲ ਰਹੇ ਕੰਮ ਨੂੰ ਲੈ ਕੇ ਰੇਲਵੇ ਸਟੇਸ਼ਨ ‘ਤੇ ਭੀੜ ਨੂੰ ਘੱਟ ਕਰਨ ਦੇ ਉਦੇਸ਼ ਨਾਲ ਰੇਲਵੇ ਬੋਰਡ ਨੇ ਫਿਰੋਜ਼ਪੁਰ ਡਵੀਜ਼ਨ ਨੂੰ ਸਿਰਫ਼ 11 ਟ੍ਰੇਨਾਂ ਰੋਕਣ ਦੇ ਠਹਿਰਾਅ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ‘ਚ ਦਿੱਲੀ ਤੋਂ ਅੱਗੇ ਜਾਣ ਵਾਲੀਆਂ ਟ੍ਰੇਨਾਂ ਹੀ ਸ਼ਾਮਲ ਹਨ। ਪਹਿਲੇ ਪੜਾਅ ਵਿੱਚ 5 ਅਤੇ ਦੂਸਰੇ ਪੜਾਅ ‘ਚ 6 ਟ੍ਰੇਨਾਂ ਰੋਕਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਜ਼ਿਆਦਾਤਰ ਟ੍ਰੇਨਾਂ ਨੂੰ 10 ਮਿੰਟਾਂ ਦਾ ਠਹਿਰਾਅ ਦਿੱਤਾ ਜਾਵੇਗ।
ਜਦਕਿ ਬਾਅਦ ਵਿੱਚ ਹੋਰ ਟ੍ਰੇਨਾਂ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਜਾਣਗੇ ਪਰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇਨ੍ਹਾਂ ਗੱਡੀਆਂ ਦਾ ਸਟਾਪੇਜ ਬੰਦ ਕਰਨ ਨਾਲ ਸਥਾਨਕ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਇਨ੍ਹਾਂ ਟ੍ਰੇਨਾਂ ‘ਚੋਂ ਜ਼ਿਆਦਾਤਰ ਯੂਪੀ, ਗੁਹਾਟੀ ਅਤੇ ਬਿਹਾਰ ਵੱਲ ਜਾਣ ਵਾਲੀਆਂ ਟ੍ਰੇਨਾਂ ਸ਼ਾਮਲ ਹਨ ਪਰ ਆਉਣ ਵਾਲੇ ਸਮੇਂ ਵਿੱਚ ਜੇਕਰ ਸ਼ਾਨ-ਏ-ਪੰਜਾਬ ਜਾਂ ਸ਼ਤਾਬਦੀ ਨੂੰ ਢੰਡਾਰੀ ‘ਚ ਰੋਕਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਤਾਂ ਇਸ ਨਾਲ ਯਾਤਰੀਆਂ ਨੂੰ ਹੋਰ ਪ੍ਰੇਸ਼ਾਨੀ ਝੱਲਣੀ ਪਵੇਗੀ।
ਵਰਣਨਯੋਗ ਹੈ ਕਿ ਫਿਰੋਜ਼ਪੁਰ ਡਵੀਜ਼ਨ ਵੱਲੋਂ ਬੋਰਡ ਨੂੰ 3 ਪੜਾਵਾਂ ਵਿੱਚ 22 ਟ੍ਰੇਨਾਂ ਨੂੰ ਰੋਕਣ ਦਾ ਪ੍ਰਸਤਾਵ ਬਣਾ ਕੇ ਭੇਜਿਆ ਗਿਆ ਸੀ ਪਰ ਕੁਝ ਟ੍ਰੇਨਾਂ ਦੂਸਰੇ ਸਰਕਲ ਅਧੀਨ ਹੋਣ ਕਾਰਨ ਬੋਰਡ ਨੇ ਇਸ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਦੂਜਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਢੰਡਾਰੀ ਰੇਲਵੇ ਸਟੇਸ਼ਨ ‘ਤੇ ਮੁੱਢਲੀਆਂ ਸਹੂਲਤਾਂ ਵੀ ਉਪਲਬਧ ਨਹੀਂ ਹਨ।
ਰੇਲਵੇ ਬੁਲਾਰੇ ਅਨੁਸਾਰ 15 ਜੂਨ ਤੋਂ ਅੰਮ੍ਰਿਤਸਰ ਤੋਂ ਹਾਵੜਾ ਜਾਣ ਵਾਲੀ ਟ੍ਰੇਨ ਨੰਬਰ 12054 ਨੂੰ 5 ਮਿੰਟ, ਰੋਜ਼ਾਨਾ ਚੱਲਣ ਵਾਲੀ ਅੰਮ੍ਰਿਤਸਰ ਤੋਂ ਬਾਰਾਬੰਕੀ ਟ੍ਰੇਨ ਨੰਬਰ 14618 ਨੂੰ 10 ਮਿੰਟ, ਜਲੰਧਰ ਤੋਂ ਦਰਭੰਗਾ ਜਾਣ ਵਾਲੀ ਹਫਤਾਵਾਰੀ ਟ੍ਰੇਨ ਨੰਬਰ 22552 ਨੂੰ 10 ਮਿੰਟ, ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਹਫਤਾਵਾਰੀ ਰੇਲਗੱਡੀ ਨੰਬਰ 12408 ਨੂੰ 10 ਮਿੰਟ, ਰੋਜ਼ਾਨਾ ਅੰਮ੍ਰਿਤਸਰ ਤੋਂ ਦਰਭੰਗਾ ਜਾਣ ਵਾਲੀ ਰੇਲ ਗੱਡੀ ਨੰਬਰ 15212 ਨੂੰ ਵੀ ਦਿੱਲੀ ਵੱਲ ਜਾਂਦੇ ਸਮੇਂ ਢੰਡਾਰੀ ਰੇਲਵੇ ਸਟੇਸ਼ਨ ‘ਤੇ 10 ਮਿੰਟ ਦਾ ਸਟਾਪੇਜ ਦਿੱਤਾ ਜਾਵੇਗਾ।
ਵਿਭਾਗ ਅਨੁਸਾਰ ਦੂਜੇ ਪੜਾਅ ਵਿੱਚ ਅੰਮ੍ਰਿਤਸਰ ਤੋਂ ਇੰਦੌਰ ਤੱਕ ਚੱਲਣ ਵਾਲੀ ਟ੍ਰੇਨ ਨੰਬਰ 19326 ਹਫਤਾਵਾਰੀ ਨੂੰ 10 ਮਿੰਟ, ਅੰਮ੍ਰਿਤਸਰ ਤੋਂ ਸਹਰਸਾ ਤੱਕ ਹਫਤੇ ਵਿੱਚ 3 ਵਾਰ ਚੱਲਣ ਵਾਲੀ ਟ੍ਰੇਨ ਨੰਬਰ 12204 ਨੂੰ 10 ਮਿੰਟ, ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ ਰੋਜ਼ਾਨਾ ਚੱਲਣ ਵਾਲੀ ਟ੍ਰੇਨ ਨੰਬਰ 12498 ਸ਼ਾਨ-ਏ-ਪੰਜਾਬ ਨੂੰ 5 ਮਿੰਟ, ਅੰਮ੍ਰਿਤਸਰ ਤੋਂ ਨਵੀਂ ਦਿੱਲੀ ਰੋਜ਼ਾਨਾ ਰੇਲ ਗੱਡੀ ਨੰਬਰ 12460 ਨੂੰ 5 ਮਿੰਟ, ਅੰਮ੍ਰਿਤਸਰ ਤੋਂ ਜੈਨਗਰ ਹਫ਼ਤੇ ਵਿੱਚ 3 ਵਾਰ ਰੇਲ ਗੱਡੀ ਨੰਬਰ 14650 ਨੂੰ 10 ਮਿੰਟ ਅਤੇ ਅੰਮ੍ਰਿਤਸਰ ਤੋਂ ਜੈਨਗਰ ਹਫ਼ਤੇ ਵਿੱਚ 4 ਵਾਰ ਰੇਲ ਗੱਡੀ ਨੰਬਰ 14674 ਨੂੰ ਢੰਡਾਰੀ ਵਿਖੇ 12 ਮਿੰਟ ਦਾ ਠਹਿਰਾਅ ਦਿੱਤਾ ਜਾਵੇਗਾ।