ਲੁਧਿਆਣਾ : ਲੁਧਿਆਣਾ ਦੇ ਇੱਕ ਸਕਰੈਪ ਕਾਰੋਬਾਰੀ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਏਟੀਆਈ ਰੋਡ ਨਿਊ ਜਨਤਾ ਨਗਰ ਲੁਧਿਆਣਾ ਦੇ ਰਹਿਣ ਵਾਲੇ ਕਾਰੋਬਾਰੀ ਅਨਿਲ ਪੁਰੀ ਦੀ ਸ਼ਿਕਾਇਤ ਤੇ ਕੰਪਨੀ ਨੰਦ ਮੰਗਲ ਸਟੀਲ ਦੇ ਡਾਇਰੈਕਟਰ ਸੁਨੀਲ ਗੁਪਤਾ ਤੇ ਅੰਕੁਰ ਗੁਪਤਾ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਏਕੇਪੀ ਓਵਰਸੀਜ਼ ਫਰਮ ਦੇ ਮਾਲਕ ਅਨਿਲ ਪੁਰੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਮਿਲੀਭੁਗਤ ਕਰਕੇ ਉਨ੍ਹਾਂ ਦੀ ਫ਼ਰਮ ਕੋਲੋਂ 86 ਲੱਖ ਰੁਪਏ ਦੀ ਕੀਮਤ ਤੋਂ ਵੱਧ ਲੋਹੇ ਦੀ ਸਕਰੈਪ ਖਰੀਦੀ ਅਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਰਕਮ ਦੀ ਅਦਾਇਗੀ ਸਮੇਂ ਸਿਰ ਨਾ ਕਰਕੇ ਧੋਖਾਧੜੀ ਕੀਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਗਰ ਨਗਰ ਦੇ ਰਹਿਣ ਵਾਲੇ ਸੁਨੀਲ ਗੁਪਤਾ ਅਤੇ ਅੰਕੁਰ ਗੁਪਤਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।