ਲੁਧਿਆਣਾ : ਜੋਇੰਟ ਐਕਸ਼ਨ ਕਮੇਟੀ, ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਜੋਇੰਟ ਐਕਸ਼ਨ ਕਮੇਟੀ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਤੇ ਪੰਜਾਬ ਦੇ ਏਡਿਡ , ਅਨ ਏਡਿਡ ਕਾਲਜਾਂ ਨੂੰ ਅਗਲੇ 3 ਦਿਨਾਂ ਲਈ ਬੰਦ ਰੱਖ ਕੇ ਯੂਨੀਵਰਸਿਟੀ ਦੇ ਇਮਤਿਹਾਨਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ।
ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਲਾਰੇਬਾਜ਼ ਸਰਕਾਰ ਨੂੰ ਸੀਸ਼ਾ ਵਿਖਾਉਣ ਦਾ ਵਕਤ ਆ ਗਿਆ ਹੈ। ਜਲੰਧਰ ਦੀ ਚੋਣ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਏਡਿਡ, ਅਨ ਏਡਿਡ ਕਾਲਜਾਂ ਵਿੱਚ ਸੈਂਟਰਲ ਪੋਰਟਲ ਰਾਹੀਂ ਅਡਮਿਸ਼ਨ ਕਾਲਜਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਕਰਾਂਗੇ। ਪਰ ਹੁਣ ਧੱਕੇਸ਼ਾਹੀ ਨਾਲ ਇਹ ਫੈਸਲਾ ਸਾਡੇ ਤੇ ਥੋੱਪਣ ਲਈ ਡੀ ਪੀ ਆਈ ਤੋਂ ਨਿਰਦੇਸ਼ ਆਏ।
ਪੀ ਸੀ ਸੀ ਟੀ ਯੂ ਦੇ ਨਿਰਦੇਸ਼ ਅਨੁਸਾਰ 31 ਮਈ ਤੋਂ 2 ਜੂਨ 2023 ਤੱਕ ਕਾਲਜ ਯੂਨੀਵਰਸਿਟੀ ਦੇ ਇਮਤਿਹਾਨਾਂ ਦੀ ਡਿਊਟੀ ਦਾ ਬਾਈਕਾਟ ਕਰਨਗੇ ਤੇ ਮਾਨੇਜਮੈਂਟ, ਪ੍ਰਿੰਸਪਲ ਅਤੇ ਕਾਲਜ ਪ੍ਰੋਫੈਸਰ ਕਾਲਜ ਦੇ ਗੇਟ ‘ਤੇ ਧਰਨਾ ਦੇਣਗੇ।
ਜਿਲ੍ਹਾ ਸਕੱਤਰ ਡਾ ਸੁੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਇਹਨਾਂ ਨਵੀਆਂ ਨੀਤੀਆਂ ਦੇ ਪ੍ਰਯੋਗ ਪੰਜਾਬ ਦੀ ਉੱਚ ਸਿੱਖਿਆ ਨੂੰ ਬਰਬਾਦ ਕਰ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਕਾਲਜਾਂ ਵਿੱਚ ਤਾਂ ਪਹਿਲਾਂ ਹੀ ਬੱਚਿਆਂ ਦੀ ਕਮੀ ਹੈ, ਸੇੰਟ੍ਰਲ ਪੋਰਟਲ ਦੇ ਚਕਰਾਂ ਵਿੱਚ ਪੈ ਕੇ ਬੱਚਿਆਂ ਦੀ ਗਿਣਤੀ ਹੋਰ ਵੀ ਘਟ ਜਾਵੇਗੀ। ਡਾ ਰਮਨ ਸ਼ਰਮਾ ਨੇ ਕਿਹਾ ਕਿ ਸਰਕਾਰ ਦੀਆਂ ਇਹ ਨੀਤੀਆਂ ਪ੍ਰਾਈਵੇਟ ਅਦਾਰਿਆਂ ਨੂੰ ਤਬਾਹ ਕਰ ਦੇਣਗੀਆਂ । ਜਿਨਾਂ ਦਾ ਸਾਡੀ ਜਥੇਬੰਦੀ ਡਟਵਾਂ ਵਿਰੋਧ ਕਰੇਗੀ।