ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਸ ਸਾਲ ਅਕਤੂਬਰ ਵਿੱਚ ਗੋਆ ਵਿੱਚ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਰਵਾਇਤੀ ਮਾਰਸ਼ਲ ਆਰਟ ਗੱਤਕਾ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ। ਪ੍ਰਦਰਸ਼ਨੀ ਖੇਡਾਂ ਵਿੱਚ ਜਿੱਤੇ ਗਏ ਤਮਗੇ ਮੈਡਲ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਹਨ। ਪਰ ਗੱਤਕਾ ਇਸ ਸਾਲ ਕੌਮੀ ਖੇਡਾਂ ਦਾ ਹਿੱਸਾ ਹੋਣ ਦਾ ਮਤਲਬ ਹੈ ਕਿ ਅਗਲੀਆਂ ਖੇਡਾਂ ਵਿੱਚ ਇਸ ਨੂੰ ਮੁਕਾਬਲੇ ਵਾਲੀ ਖੇਡ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।
ਇੰਡੀਅਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ, “ਅਸੀਂ ਲੰਬੇ ਸਮੇਂ ਤੋਂ ਇਸ ਖੇਡ ਨੂੰ ਆਈਓਏ ਦੁਆਰਾ ਮਾਨਤਾ ਮਿਲਣ ਦੀ ਉਡੀਕ ਕਰ ਰਹੇ ਸੀ।” ਗਤਕਾ ਅਤੇ ਕਲਾਰੀਪਯੱਟੂ ਸਮੇਤ ਚਾਰ ਦੇਸੀ ਖੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਗੱਤਕਾ ਮਾਰਸ਼ਲ ਆਰਟਸ ਦੀ ਇੱਕ ਸ਼ੈਲੀ ਹੈ ਜਿਸ ‘ਚ ਵਿਰੋਧੀ ਨੂੰ ਰੋਕਣ ਲਈ ਤਿੰਨ ਤੋਂ 3.5 ਫੁੱਟ ਲੰਬੀ ਲੱਕੜ ਦੀਆਂ ਸੋਟੀਆਂ ਅਤੇ ਚਮੜੇ ਦੀ ਬਣੀ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ।
ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ। ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਹੈ ਸ਼ਸਤਰ ਕਲਾ। ਇਨ੍ਹਾਂ ਸ਼ੈਲੀਆਂ ਵਿੱਚੋਂ ਹੀ ਇੱਕ ਸ਼ੈਲੀ ਹੈ ਗੱਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਪ੍ਰਚੱਲਿਤ ਹੈ।