ਲੁਧਿਆਣਾ : ਪੀ ਏ ਯੂ ਵਿੱਚ ਯੰਗ ਰਾਇਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਵਿਤਾ ਬਾਰੇ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਕਵੀ ਜਸਵੰਤ ਜ਼ਫਰ ਸ਼ਾਮਿਲ ਹੋਏ। ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਲੁਧਿਆਣਾ ਦੇ ਕਵੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।
ਜਸਵੰਤ ਜ਼ਫਰ ਹੋਰਾਂ ਆਪਣੇ ਮੁੱਖ ਭਾਸ਼ਣ ਵਿਚ ਕਵਿਤਾ ਦੇ ਤੱਤਾਂ ਅਤੇ ਸਿਰਜਣ ਪਲਾਂ ਬਾਰੇ ਭਾਵਪੂਰਤ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਵੀ ਆਪਣੇ ਸਮਾਜ ਤੇ ਆਪਣੇ ਦੌਰ ਦੀ ਪ੍ਰਤੀਨਿਧ ਆਵਾਜ਼ ਹੁੰਦਾ ਹੈ। ਕਿਸੇ ਸਮਾਜ ਵਿਚ ਕਵਿਤਾ ਦਾ ਹੋਣਾ ਉਸ ਸਮਾਜ ਵਿਚ ਜ਼ਿੰਦਗੀ ਦਾ ਹੋਣਾ ਹੁੰਦਾ ਹੈ। ਉਨ੍ਹਾਂ ਨਵੇਂ ਕਵੀਆਂ ਨੂੰ ਕਵਿਤਾ ਦੀ ਸਿਰਜਣਾ ਬਾਰੇ ਬਹੁਤ ਸਾਰੇ ਨੁਕਤੇ ਦੱਸੇ। ਜਸਵੰਤ ਜਫ਼ਰ ਨੇ ਆਪਣੀਆਂ ਕੁਝ ਕਵਿਤਾਵਾਂ ਵੀ ਸੁਣਾਈਆਂ।
ਡਾ ਨਿਰਮਲ ਜੌੜਾ ਨੇ ਜ਼ਿਲਾ ਭਾਸ਼ਾ ਦਫਤਰ ਵਲੋਂ ਇਸ ਵਰਕਸ਼ਾਪ ਨੂੰ ਯੂਨੀਵਰਸਿਟੀ ਦੇ ਉਭਰਦੇ ਕਵੀਆਂ ਲਈ ਬੇਹੱਦ ਲਾਹੇਵੰਦ ਕਿਹਾ। ਉਨ੍ਹਾਂ ਕਵਿਤਾ ਤੇ ਸਾਹਿਤ ਦੇ ਖੇਤਰ ਵਿਚ ਪੀ ਏ ਯੂ ਦੇ ਇਤਿਹਾਸ ਦੀ ਗੱਲ ਵੀ ਕੀਤੀ। ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ ਸੰਦੀਪ ਸ਼ਰਮਾ ਨੇ ਇਸ ਵਰਕਸ਼ਾਪ ਨੂੰ ਕਰਾਉਣ ਦਾ ਮੰਤਵ ਦੱਸਦਿਆਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਨਵੇਂ ਕਵੀਆਂ ਤਕ ਕਵਿਤਾ ਦੀ ਚੇਟਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੰਤ ਵਿੱਚ ਧਨਵਾਦ ਦੇ ਸ਼ਬਦ ਯੰਗ ਰਾਇਟਰਜ਼ ਐਸੋਸ਼ੀਏਸ਼ਨ ਦੇ ਇੰਚਾਰਜ ਡਾ ਦੇਵਿੰਦਰ ਦਿਲਰੂਪ ਨੇ ਕਹੇ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਹੋਰ ਕਰਕੇ ਸਾਹਿਤਕ ਰੁਚੀਆਂ ਵਿਚ ਵਾਧੇ ਦੀਆਂ ਕੋਸ਼ਿਸ਼ਾਂ ਐਸੋਸੀਏਸ਼ਨ ਵਲੋਂ ਜਾਰੀ ਰਹੇਗੀ। ਇਸ ਮੌਕੇ ਸਵਰਨਜੀਤ ਸਵੀ, ਕੇ ਸਾਧੂ ਸਿੰਘ, ਜਸਪ੍ਰੀਤ ਅਮਲਤਾਸ, ਡਾ ਰਵਿੰਦਰ ਚੰਦੀ, ਪ੍ਰੋ ਰਣਜੀਤ ਕੌਰ, ਡਾ ਆਸ਼ੂ ਤੂਰ, ਡਾ ਕਰਨਜੀਤ ਗਿੱਲ, ਡਾ ਹੀਰਾ ਸਿੰਘ, ਖੋਜ ਅਫ਼ਸਰ ਸ਼੍ਰੀ ਸੰਦੀਪ ਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ।