ਲੁਧਿਆਣਾ : ਪੰਜਾਬ ਸਰਕਾਰ ਵਲੋਂ ਸਥਾਨਕ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਨੂੰ ਵੀ ਹੁਣ ਕੋ-ਐਜੂਕੇਸ਼ਨ ਕਰ ਦਿੱਤਾ ਹੈ। ਹੁਣ ਇਸ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ 10ਵੀਂ ਅਤੇ 12ਵੀਂ ਪਾਸ ਲੜਕੇ ਵੀ ਤਿੰਨ ਸਾਲਾ ਇੰਜਨੀਅਰਿੰਗ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈ ਸਕਣਗੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਤਕਨੀਕੀ ਸਿਖਿਆ ਪ੍ਰਦਾਨ ਕਰਨ ਹਿੱਤ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਦੇ ਚਾਰ ਸਰਕਾਰੀ ਬਹੁਤਕਨੀਕੀ ਕਾਲਜਾਂ (ਲੜਕੀਆਂ) ਨੂੰ ਕੋ-ਐਜੂਕੇਸ਼ਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਜ਼ਿਲ੍ਹਾ ਲੁਧਿਆਣਾ ਦਾ ਇੱਕੋ-ਇੱਕ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ 10ਵੀਂ ਅਤੇ 12ਵੀਂ ਪਾਸ ਲੜਕੇ ਵੀ ਤਿੰਨ ਸਾਲਾ ਇੰਜਨੀਅਰਿੰਗ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਕਾਲਜ ਵਿਖੇ 2.50 ਲੱਖ ਰੁਪਏ ਸਾਲਾਨਾ ਆਮਦਨ ਤੱਕ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਅਧੀਨ ਪੂਰੀ ਫੀਸ ਮੁਆਫ ਹੈ।
ਇਸ ਤੋਂ ਇਲਾਵਾ ਬਾਕੀ ਸਾਰੀਆਂ ਕੈਟਾਗਰੀਆਂ ਦੇ ਹੋਣਹਾਰ ਵਿਦਿਆਰਥੀਆਂ ਨੂੰ ‘ਮੁੱਖ ਮੰਤਰੀ ਵਜ਼ੀਫਾ ਯੋਜਨਾ’ ਅਨੁਸਾਰ ਸਸਤੀ ਤੇ ਮਿਆਰੀ ਤਕਨੀਕੀ ਸਿਖਿਆ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਰਾਂਹੀਂ ਵਿਦਿਆਰਥੀਆਂ ਦੀ 10ਵੀਂ ਜਮਾਤ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਅਨੁਸਾਰ ਟਿਊ਼ਸ਼ਨ ਫੀ਼ਸ ਮੁਆਫ ਕੀਤੀ ਜਾਂਦੀ ਹੈ। ਇਸ ਵਿੱਚ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫ ਹੋਵੇਗੀ, 70 ਤੋਂ 80 ਵਾਲਿਆਂ ਦੀ 80 ਫੀਸਦੀ, 80 ਤੋ਼ਂ 90 ਫੀਸਦੀ ਵਾਲਿਆਂ ਦੀ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਦੀ ਪੂਰੀ ਟਿਊਸ਼ਨ ਫੀਸ ਮੁਆਫ ਹੋਵੇਗੀ।