ਲੁਧਿਆਣਾ : ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਮਿਸ਼ਨ ਤੰਦਰੁਸਤ ਤਹਿਤ ਵਿਸ਼ਵ ਧਰਤ ਦਿਵਸ ਮਨਾਇਆ | ਇਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੋਂ 54 ਕਿਸਾਨ ਸ਼ਾਮਿਲ ਹੋਣ ਲਈ ਪੁੱਜੇ |
ਸਮਾਗਮ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਸਨ | ਉਹਨਾਂ ਆਪਣੀ ਟਿੱਪਣੀ ਵਿੱਚ ਯੂਰੀਆ, ਮਿਊਰੇਟ ਆਫ ਪੋਟਾਸ਼ ਅਤੇ ਫਾਸਫੋਰਸ ਆਦਿ ਤੱਤਾਂ ਬਾਰੇ ਗੱਲ ਕਰਦਿਆਂ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾ ਇਹਨਾਂ ਤੱਤਾਂ ਦੇ ਮਿੱਟੀ ਵਿੱਚ ਵਾਧੇ ਦੀ ਗੱਲ ਕੀਤੀ |
ਡਾ. ਬੁੱਟਰ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਨੀਵੇਂ ਜਾਣ ਬਾਰੇ ਚਿੰਤਾ ਪ੍ਰਗਟ ਕਰਦਿਆਂ ਪਾਣੀ ਬਚਾਉਣ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ | ਉਹਨਾਂ ਕਿਹਾ ਕਿ ਧਰਤ ਨੂੰ ਬਚਾਉਣ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਖੇਤੀ ਨੂੰ ਵਾਤਾਵਰਨ ਪੱਖੀ ਮੋੜਾ ਦੇ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਵੱਲ ਵਧਿਆ ਜਾ ਸਕਦਾ ਹੈ |
ਇਸ ਮੌਕੇ ਪੰਜਾਬ ਪਲਿਊਸ਼ਨ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਗ ਨੇ ਪ੍ਰਦੂਸ਼ਣ ਤੋਂ ਵਾਤਾਵਰਨ ਵੱਲ ਮੁੜਨ ਦਾ ਸੱਦਾ ਦਿੱਤਾ | ਉਹਨਾਂ ਕਿਹਾ ਕਿ ਜ਼ਮੀਨ ਵਿੱਚ ਤੱਤਾਂ ਦੇ ਵਾਧੇ ਲਈ ਪਰਾਲੀ ਨੂੰ ਖੇਤ ਵਿੱਚ ਵਾਹੁਣਾ ਬੇਹੱਦ ਜ਼ਰੂਰੀ ਹੈ | ਨਾਲ ਹੀ ਉਹਨਾਂ ਨੇ ਵਰਮੀ ਕਲਚਰ ਅਪਣਾ ਕੇ ਜੈਵਿਕ ਤੱਤਾਂ ਦੇ ਵਿਕਾਸ ਦੀ ਗੱਲ ਵੀ ਕੀਤੀ |
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਐੱਚ ਐੱਸ ਸਿੱਧੂ ਨੇ ਫਸਲੀ ਵਿਭਿੰਨਤਾ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਕਾਸ਼ਤ ਨਾਲ ਜੁੜ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੱਦਾ ਦਿੱਤਾ |
ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਦੇ ਸਕੱਤਰ ਮੈਂਬਰ ਇੰਜ ਜੀ ਐੱਸ ਮਜੀਠੀਆ ਨੇ ਧਰਤੀ ਦੇ ਸਰੋਤਾਂ ਨੂੰ ਬਚਾਉਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਉੱਪਰ ਜ਼ੋਰ ਦਿੱਤਾ | ਨਾਲ ਹੀ ਉਹਨਾਂ ਨੇ ਪਲਾਸਟਿਕ ਦੀ ਵਰਤੋਂ ਦੇ ਖਤਰਿਆਂ ਬਾਰੇ ਵੀ ਸੁਚੇਤ ਕੀਤਾ |
ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਕੇਸ਼ ਸ਼ਾਰਦਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਸੁਰੱਖਿਅਤ ਭੋਜਨ ਦੇ ਮਹੱਤਵ ਬਾਰੇ ਗੱਲ ਕੀਤੀ | ਨਾਲ ਹੀ ਉਹਨਾਂ ਨੇ ਵਿਸ਼ਵ ਧਰਤੀ ਦਿਵਸ ਦੀ ਮਹੱਤਤਾ ਅਤੇ ਇਸਦੇ ਟੀਚਿਆਂ ਤੋਂ ਵੀ ਜਾਣੂੰ ਕਰਵਾਇਆ |
ਤਕਨੀਕੀ ਸ਼ੈਸਨ ਵਿੱਚ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਗੁਰਵੀਰ ਕੌਰ ਨੇ ਮੋਟੇ ਅਨਾਜਾਂ ਦੇ ਭੋਜਨ ਵਿੱਚ ਲਾਭ ਅਤੇ ਪ੍ਰੋਸੈਸਿੰਗ ਦੇ ਤਰੀਕਿਆਂ ਉੱਪਰ ਰੌਸ਼ਨੀ ਪਾਈ | ਨਾਲ ਹੀ ਉਹਨਾਂ ਨੇ ਮੋਟੇ ਅਨਾਜਾਂ ਦੀ ਭੋਜਨ ਵੰਡ ਲੜੀ ਬਾਰੇ ਵੀ ਗੱਲ ਕੀਤੀ | ਇਸ ਮੌਕੇ ਇੰਜ. ਗਗਨਦੀਪ ਸਿੰਘ, ਡਾ. ਅੰਤਿਮਾ ਗੁਪਤਾ, ਇੰਜ. ਲੁਪਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ
|
ਸਮਾਗਮ ਦਾ ਸੰਚਾਲਨ ਡਾ. ਨੀਲੇਸ਼ ਬਿਵਾਲਕਰ ਨੇ ਕੀਤਾ ਜਦਕਿ ਡਾ. ਜੇ ਪੀ ਸਿੰਘ ਨੇ ਸਮਾਗਮ ਦੇ ਅੰਤ ਤੇ ਸਭ ਦਾ ਧੰਨਵਾਦ ਕੀਤਾ | ਡਾ. ਸਮਨਪ੍ਰੀਤ ਕੌਰ ਨੇ ਧਰਤੀ ਨੂੰ ਬਚਾਉਣ ਲਈ ਸਭ ਨੂੰ ਸਹੁੰ ਚੁਕਾਈ | ਇਸ ਮੌਕੇ ਕਿਸਾਨਾਂ ਨੂੰ ਕੱਪੜੇ ਤੋਂ ਬਣੇ ਝੋਲੇ ਵੰਡੇ ਗਏ | ਨਾਲ ਹੀ ਮਹਿਮਾਨਾਂ ਨੂੰ ਪੌਦਿਆਂ ਨਾਲ ਸਨਮਾਨਿਤ ਵੀ ਕੀਤਾ ਗਿਆ |