ਲੁਧਿਆਣਾ : ਭਾਰਤ ਵਿੱਚ ਮੋਹਰੀ ਉਦਯੋਗ ਘਰਾਣਿਆਂ ਵਿੱਚੋਂ ਇੱਕ ਵਰਧਮਾਨ ਸਪੈਸ਼ਲ ਸਟੀਲ ਨੇ ਕਾਰਪੋਰੇਟ ਸਮਾਜਕ ਪਹਿਲਕਦਮੀ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ 10 ਬੈਰੀਕੇਡ ਭੇਂਟ ਕੀਤੇ। ਇਹ ਭੇਂਟ ਯੂਨੀਵਰਸਿਟੀ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਕਾਰਗਰ ਅਤੇ ਵਿਉਂਤਬੰਦ ਬਣਾਉਣ ਦੇ ਉਦੇਸ਼ ਨਾਲ ਦਿੱਤੀ ਗਈ ਤਾਂ ਜੋ ਕੈਂਪਸ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕੇ।
ਸ਼੍ਰੀ ਅਮਿਤ ਧਵਨ ਨੇ ਕਿਹਾ ਕਿ ਵਰਧਮਾਨ ਸਮੂਹ ਨੂੰ ਪੀ ਏ ਯੂ ਨਾਲ ਸਹਿਯੋਗ ਕਰਕੇ ਮਾਣ ਹੋ ਰਿਹਾ ਹੈ। ਉਨ੍ਹਾਂ ਇਸ ਸਹਿਯੋਗ ਦੇ ਨਿਰੰਤਰ ਜਾਰੀ ਰਹਿਣ ਦੀ ਆਸ ਪ੍ਰਗਟਾਈ ਤੇ ਨਾਲ ਹੀ ਕਿਸੇ ਅਕਾਦਮਿਕ ਪ੍ਰੋਗਰਾਮ ਵਿਚ ਸਹਿਯੋਗ ਕਰਨ ਦੀ ਕੰਪਨੀ ਦੀ ਇੱਛਾ ਬਾਰੇ ਵੀ ਕਿਹਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਪਹਿਲਕਦਮੀ ਤਹਿਤ ਵਰਧਮਾਨ ਸਮੂਹ ਆਰਥਿਕ ਤੌਰ ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਦੇ ਸਹਿਯੋਗ ਲਈ ਵੀ ਤਿਆਰ ਬਰ ਤਿਆਰ ਹੈ।
ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਭੇਂਟ ਬੇਹੱਦ ਅਹਿਮ ਹੈ ਕਿਉਂਕਿ ਯੂਨੀਵਰਸਿਟੀ ਇਕ ਵਿਦਿਅਕ ਸੰਸਥਾ ਹੋਣ ਕਾਰਨ ਇਸ ਵਿਚ ਵਾਹਨਾਂ ਦੀ ਰਫ਼ਤਾਰ ਕਾਬੂ ਵਿਚ ਹੋਣੀ ਹੀ ਚਾਹੀਦੀ ਹੈ। ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਇਸ ਕਾਰਜ ਲਈ ਵਰਧਮਾਨ ਸਪੈਸ਼ਲ ਸਟੀਲ ਦੇ ਯੋਗਦਾਨ ਨੂੰ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾਣਾ ਚਾਹੀਦਾ ਹੈ।