ਲੁਧਿਆਣਾ : ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਧਰਤੀ ਦਿਵਸ ਮੌਕੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਚ ਜਾਗਰੂਕਤਾ ਰੈਲੀ ਕੱਢੀ । ਇਸ ਰੈਲੀ ਦਾ ਉਦੇਸ਼ ਬੱਚਿਆਂ ਨੂੰ ਸਾਫ-ਸੁਥਰੇ ਅਤੇ ਹਰਿਆ-ਭਰੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਬਾਰੇ ਸੁਚੇਤ ਕਰਨਾ ਸੀ।
ਇਸ ਰੈਲੀ ਨੂੰ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਵਿਦਿਆਰਥੀਆਂ ਨੇ ਸਾਫ-ਸੁਥਰੇ ਅਤੇ ਹਰਿਆ-ਭਰੇ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਨਾਲ ਸਬੰਧਤ ਪੋਸਟਰ ਅਤੇ ਤਖਤੀਆਂ ਚੁੱਕੀਆਂ ਹੋਈਆਂ ਸਨ। ਇਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਜੋ ਪੌਦੇ ਲੈ ਕੇ ਆਏ ਸਨ, ਨੇ ਸਕੂਲ ਦੇ ਵਿਹੜੇ ਵਿੱਚ ਵੀ ਇਨ੍ਹਾਂ ਨੂੰ ਲਗਾਇਆ। ਇਨ੍ਹਾਂ ਵਿਚ ਫੁੱਲਦਾਰ ਅਤੇ ਛਾਂਦਾਰ ਪੌਦਿਆਂ ਦੇ ਬੂਟੇ ਵੀ ਸ਼ਾਮਲ ਸਨ।
ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਵਿੱਚ ਹਿੱਸਾ ਲਿਆ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਸੀਨੀਅਰ ਵਿਦਿਆਰਥੀਆਂ ਨੇ ਇੱਕ ਦੂਜੇ ਦੇ ਚਿਹਰੇ ਪੇਂਟ ਕੀਤੇ ਜੋ ਧਰਤੀ ਨੂੰ ਸਿਹਤਮੰਦ ਜੀਵਨ ਦੇਣ ਬਾਰੇ ਆਪਣੀ ਗੰਭੀਰ ਚਿੰਤਾ ਨੂੰ ਦਰਸਾਉਂਦੇ ਹਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪਿ੍ੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਇਸ ਗਤੀਵਿਧੀ ਦਾ ਮਨੋਰਥ ਵਿਦਿਆਰਥੀਆਂ ਨੂੰ ਕੁਦਰਤ ਮਾਤਾ ਨਾਲ ਜੋੜਨਾ ਅਤੇ ਸਾਡੇ ਵਾਤਾਵਰਨ ਨੂੰ ਬਚਾਉਣਾ ਸੀ ।